ਓਟਾਵਾ— ਕੈਨੇਡਾ ‘ਚ ਇਕ ਛੋਟਾ ਯਾਤਰੀ ਜਹਾਜ਼ ਅਤੇ ਇਕ ਹੋਰ ਜਹਾਜ਼ ਆਪਸ ‘ਚ ਟਕਰਾ ਗਏ। ਹਾਦਸੇ ‘ਚ ਛੋਟੇ ਜਹਾਜ਼ ਦੇ ਪਾਇਲਟ ਦੀ ਮੌਤ ਹੋ ਗਈ। ਸਥਾਨਕ ਪੁਲਸ ਨੇ ਦੱਸਿਆ ਕਿ ਓਟਾਵਾ ਤੋਂ ਤਕਰੀਬਨ 30 ਕਿਲੋਮੀਟਰ ਪੱਛਮ ‘ਚ ਓਂਟਾਰੀਓ ਦੇ ਕਾਰਪ ‘ਚ ਐਤਵਾਰ ਸਵੇਰੇ ਹੋਈ। ਦੁਰਘਟਨਾ ਦੇ ਕਾਰਨਾਂ ਬਾਰੇ ਅਜੇ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ। ਸੇਸਨਾ ਜਹਾਜ਼ ਦਾ ਪਾਇਲਟ ਇਕੱਲਾ ਹੀ ਜਹਾਜ਼ ਉਡਾ ਰਿਹਾ ਸੀ ਅਤੇ ਉਸ ਦੀ ਘਟਨਾ ਵਾਲੀ ਥਾਂ ‘ਤੇ ਹੀ ਮੌਤ ਹੋ ਗਈ।
ਟਰਾਂਸਪੋਰਟ ਕੈਨੇਡਾ ਦੇ ਬੁਲਾਰੇ ਨੇ ਦੱਸਿਆ ਕਿ ਦੂਜੇ ਜਹਾਜ਼ ਨੂੰ ਓਟਾਵਾ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਭੇਜਿਆ ਗਿਆ, ਜਿੱਥੇ ਉਹ ਸੁਰੱਖਿਅਤ ਉਤਰ ਗਿਆ। ਉਨ੍ਹਾਂ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਐਮਰਜੈਂਸੀ ਸੇਵਾਵਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਪਾਈਪਰ ਜਹਾਜ਼ ਦੇ ਪਾਇਲਟ ਨੇ ਹਵਾਈ ਆਵਾਜਾਈ ਕੰਟਰੋਲਰਾਂ ਨੂੰ ਦੱਸਿਆ ਕਿ ਦੂਜੇ ਜਹਾਜ਼ ਨੇ ਹੇਠਾਂ ਤੋਂ ਉਸ ਦੇ ਜਹਾਜ਼ ਨੂੰ ਟੱਕਰ ਮਾਰੀ ਅਤੇ ਉਸ ਦੇ ਲੈਂਡਿੰਗ ਗੀਅਰ ਨੂੰ ਨੁਕਸਾਨ ਪੁੱਜਾ। ਘਟਨਾ ‘ਚ ਪਾਈਪਰ ਜਹਾਜ਼ ਦਾ ਪਾਇਲਟ ਅਤੇ ਇਸ ‘ਚ ਸਵਾਰ ਯਾਤਰੀ ਸੁਰੱਖਿਅਤ ਹਨ। ਇਸ ਸਬੰਧੀ ਫਿਲਹਾਲ ਹੋਰ ਜਾਣਕਾਰੀ ਨਹੀਂ ਮਿਲ ਸਕੀ।