ਬਰੈਂਪਟਨ—ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ 18 ਨਵੰਬਰ ਤੋਂ ਚਲਾਈ ਜਾ ਰਹੀ ਖਾਸ ਮੁਹਿੰਮ ਤਹਿਤ ਪੀਲ ਰੀਜਨਲ ਪੁਲਸ ਹੁਣ ਤਕ 147 ਉਨ੍ਹਾਂ ਡ੍ਰਾਇਵਰਾਂ ਨੂੰ ਫੜ੍ਹ ਚੁੱਕੀ ਹੈ ਜਿਹੜੇ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਸਨ।ਪੁਲਸ ਵੱਲੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਸਬੰਧੀ ਜੁਰਮ ਤਹਿਤ 60 ਡ੍ਰਾਇਵਰਾਂ ਨੂੰ ਚਾਰਜ ਕੀਤਾ ਗਿਆ ਜਦਕਿ ਨਸ਼ੇ ਦੀ ਹਾਲਤ ‘ਚ ਗੱਡੀ ਚਲਾਉਣ ਕਾਰਨ 87 ਹੋਰਨਾਂ ਡ੍ਰਾਇਵਰਾਂ ਦੇ ਲਾਇਸੰਸ ਤਿੰਨ ਦਿਨ ਲਈ ਸਸਪੈਂਡ ਕਰ ਦਿੱਤੇ ਗਏ। ਸੜਨ ਦੇ ਕਿਨਾਰੇ ਲੱਗੇ ਸਕਰੀਨਿੰਗ ਯੰਤਰ ‘ਚ ਇਨ੍ਹਾਂ ਡ੍ਰਾਇਵਰਾਂ ਲਈ ਵਾਰਨਿੰਗ ਦਾ ਸੰਕੇਤ ਨਜ਼ਰ ਆਇਆ। ਇਨ੍ਹਾਂ ‘ਚੋਂ ਬਹੁਤਿਆਂ ਨੇ 50 ਐਮ.ਜੀ. ਤੋਂ ਵੱਧ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ ਪਰ ਕਾਨੂੰਨ ਵੱਲੋਂ ਮਿਥੀ ਗਈ 80 ਐਮ.ਜੀ. ਦੀ ਹੱਦ ਤੋਂ ਇਹ ਘੱਟ ਸੀ।
ਹਾਲੀਡੇਅ ਰਾਈਡ ਪ੍ਰੋਗਰਾਮ ਦੇ ਪਹਿਲੇ ਚਾਰ ਹਫਤਿਆਂ ‘ਚ ਪੁਲਸ ਨੇ ਚੈਕਿੰਗ ਲਈ 12000 ਗੱਡੀਆਂ ਨੂੰ ਰੋਕਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਬਰੈਂਪਟਨ ਤੇ ਮਿਸੀਸਾਗਾ ਦੀਆਂ ਸੜਕਾਂ ‘ਤੇ ਨਸੇ਼ਦੀ ਹਾਲਤ ‘ਚ ਗੱਡੀ ਚਲਾਉਣ ਦੇ ਸਬੰਧ ‘ਚ 400 ਡ੍ਰਾਇਵਰਾਂ ਨੂੰ ਫੜ੍ਹਿਆ ਗਿਆ ਸੀ। ਪਿਛਲੇ ਸਾਲ 33,000 ਡ੍ਰਾਇਵਰਾਂ ਦੀ ਜਾਂਚ ਕੀਤੀ ਗਈ ਸੀ।
ਭਾਵੇਂ ਪੀਲ ਪੁਲਸ ਰਾਈਡ ਚੈੱਕ ਸਾਰਾ ਸਾਲ ਚਲਾਉਂਦੀ ਹੈ ਪਰ ਤਿਉਹਾਰਾਂ ਦੇ ਮੌਸਮ ‘ਚ ਇਸ ਤਰ੍ਹਾਂ ਦੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਜਾਂਦਾ ਹੈ। ਪੁਲਸ ਅਧਿਕਾਰੀ ਰਾਤ ਨੂੰ ਸੜਕਾਂ ‘ਤੇ ਨਾਕੇ ਲਾ ਕੇ ਖਾਸ ਚੈਕਿੰਗ ਕਰਦੇ ਹਨ। ਪੀਲ ਪੁਲਸ ਦਾ ਇਹ ਵੀ ਕਹਿਣਾ ਹੈ ਕਿ ਪਾਰਟੀਆਂ ਦੇ ਇਸ ਸੀਜ਼ਨ ‘ਚ ਹਰ ਕਿਸੇ ਨੂੰ ਚੇਤੇ ਕਰਵਾਉਣਾ ਜ਼ਰੂਰੀ ਹੈ ਕਿ ਨਸ਼ੇ ਦੀ ਹਾਲਤ ‘ਚ ਸੜਕਾਂ ‘ਤੇ ਘੁੰਮਣਾ ਸਹੀ ਨਹੀਂ ਹੈ ਤੇ ਇਸ ਨੂੰ ਕਿਸੇ ਵੀ ਹਾਲ ‘ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।