ਵੈਨਕੂਵਰ, 30 ਜੂਨ

ਕੈਨੇਡਾ ਵਿਚ ਗਰਮੀ ਨੇ 82 ਸਾਲ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਪੂਰਾ ਦੇਸ਼ ਸਖ਼ਤ ਗਰਮੀ ਦੀ ਲਪੇਟ ਵਿਚ ਹੈ। ਕਈ ਥਾਈਂ ਤਾਂ ਤੰਦੂਰ ਵਾਂਗ ਤਪਣ ਵਾਲੇ ਹਾਲਾਤ ਬਣੇ ਹੋਏ ਹਨ। ਮੌਸਮ ਪੱਖੋਂ ਦੁਨੀਆ ਵਿਚ ਨੰਬਰ ਇਕ ਮੰਨਿਆ ਜਾਣ ਵਾਲਾ ਬ੍ਰਿਟਿਸ਼ ਕੋਲੰਬੀਆ ਸੂਬਾ ਦੋ ਦਿਨਾਂ ਤੋਂ ਤੰਦੂਰ ਵਾਂਗ ਤਪ ਰਿਹਾ ਹੈ। ਇੱਥੋਂ ਦੇ ਲਿੰਟਲ ਸ਼ਹਿਰ ਵਿਚ ਅੱਜ ਦਾ ਤਪਮਾਨ 48 ਡਿਗਰੀ ਸੈਲਸੀਅਸ ਨੂੰ ਛੂਹ ਗਿਆ। ਗਰਮੀ ਨੇ ਕੈਨੇਡਾ ਦੇ ਸੂਬਿਆਂ ਦੇ ਵਾਤਾਵਰਨ ਤੇ ਤਾਪਮਾਨ ਦੇ ਫ਼ਰਕ ਮਿਟਾ ਦਿੱਤੇ ਹਨ। ਟੋਰਾਂਟੋ, ਐਡਮਿੰਟਨ, ਸਸਕੈਚਵਨ, ਰਿਜਾਈਨਾ, ਮੌਂਟਰੀਆਲ, ਕੈਲਗਰੀ, ਵਿਨੀਪੈਗ, ਓਟਵਾ ਤੇ ਪ੍ਰਿੰਸ ਜੌਰਜ ਸ਼ਹਿਰ ਦੋ ਦਿਨਾਂ ਤੋਂ ਤਪ ਰਹੇ ਹਨ। ਓਂਟਾਰੀਓ ਸੂਬੇ ਵਿਚ ਤਾਂ ਘਰਾਂ ਵਿਚ ਏਸੀ ਲੱਗੇ ਹੋਣ ਕਾਰਨ ਲੋਕਾਂ ਨੂੰ ਬਹੁਤੀ ਤੰਗੀ ਮਹਿਸੂਸ ਨਹੀਂ ਹੋਈ। ਪਰ ਬੀਸੀ ਵਿਚ ਤਾਂ ਕਦੇ ਏਸੀ ਦੀ ਲੋੜ ਮਹਿਸੂਸ ਨਹੀਂ ਸੀ ਹੋਈ। ਬਹੁਤੇ ਸੂਬਿਆਂ ਵਿਚ ਗਰਮੀ ਕਾਰਨ ਸਕੂਲ-ਕਾਲਜ ਬੰਦ ਕਰ ਦਿੱਤੇ ਗਏ ਹਨ। ਕੈਨੇਡਾ ਦੇ ਵੱਖ-ਵੱਖ ਥਾਵਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਹੁਤੇ ਥਾਈਂ ਤਾਪਮਾਨ 40 ਡਿਗਰੀ ਤੋਂ ਵੱਧ ਰਿਹਾ ਜਿਹੜਾ ਕਿ ਜੂਨ ਦੇ ਗਰਮ ਦਿਨਾਂ ਦੀ ਔਸਤ ਦੇ ਲਿਹਾਜ਼ ਨਾਲ 10-12 ਡਿਗਰੀ ਵੱਧ ਸੀ। ਮੌਸਮ ਵਿਗਿਆਨੀਆਂ ਅਨੁਸਾਰ ਉੱਤਰੀ ਅਮਰੀਕਾ ਦੀਪ ਸਮੂਹ ਖੇਤਰ ਵਿਚ ਵੱਧ ਦਬਾਅ ਵਾਲਾ ਹਵਾ ਦਾ ਵਿਸ਼ਾਲ ਗੋਲਾ ਬਣਿਆ ਹੋਣ ਕਾਰਨ ਗਰਮੀ ਨੇ ਰਿਕਾਰਡ ਤੋੜੇ ਹਨ। ਦੱਸਿਆ ਗਿਆ ਹੈ ਕਿ 1937 ਵਿਚ ਤਿੰਨ ਕੁ ਦਿਨ ਹੁਣ ਵਰਗੀ ਗਰਮੀ ਪਈ ਸੀ, ਪਰ ਸਾਰੇ ਦੇਸ਼ ਦਾ ਤਾਪਮਾਨ ਹੁਣ ਤੋਂ ਇਕ ਡਿਗਰੀ ਘੱਟ ਰਿਹਾ ਸੀ। ਗਰਮੀ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਦੁਪਹਿਰ ਵੇਲੇ ਬਾਹਰ ਦੇ ਕੰਮ ਕਰਨੇ ਔਖੇ ਹੋ ਗਏ ਹਨ। ਕਈ ਲੋਕ ਕਾਰਾਂ ਵਿਚ ਲੱਗੇ ਏਸੀ ਚਲਾ ਕੇ ਨੀਂਦ ਪੂਰੀ ਕਰ ਰਹੇ ਹਨ। ਗਰਮੀ ਕਾਰਨ ਲੋਕਾਂ ਦਾ ਮੁਹਾਣ ਬੀਚਾਂ (ਸਮੁੰਦਰੀ ਸੈਰਗਾਹਾਂ) ਵੱਲ ਹੋ ਗਿਆ ਹੈ। ਓਂਟਾਰੀਓ ਵਿਚ ਦੋ ਪੰਜਾਬੀ ਵਿਦਿਆਰਥੀਆਂ ਸਮੇਤ ਤਿੰਨ ਦਿਨਾਂ ਵਿਚ 7 ਲੋਕ ਸਮੁੰਦਰੀ ਤਾਰੀਆਂ ਲਾਉਂਦਿਆਂ ਜਾਨ ਗਵਾ ਚੁੱਕੇ ਹਨ। ਮੌਸਮ ਵਿਭਾਗ ਨੇ ਕੱਲ ਤੋਂ ਤਾਪਮਾਨ ਹੇਠਾਂ ਵੱਲ ਖਿਸਕਣ ਦੀ ਪੇਸ਼ੀਨਗੋਈ ਕੀਤੀ ਹੈ। ਗਰਮੀ ਨੇ ਕਰੋਨਾ ਟੀਕਾਕਰਨ ਮੁਹਿੰਮ ਨੂੰ ਵੀ ਪ੍ਰਭਾਵਿਤ ਕੀਤਾ ਹੈ।