ਮਾਂਟਰੀਆਲ — ਕੈਨੇਡਾ ਦੇ ਸੂਬੇ ਕਿਊਬਿਕ ਵਿਚ ਲੂ ਲੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 70 ਹੋ ਗਈ ਹੈ। ਕਿਊਬਿਕ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਜ਼ਿਆਦਾ ਗਰਮੀ ਕਾਰਨ ਮੌਤਾਂ ਦੀ ਗਿਣਤੀ ਵਧੀ ਹੈ। ਸੂਬਾਈ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ 54 ਲੋਕਾਂ ਦੇ ਮਰਨ ਦੀ ਸੂਚਨਾ ਸੀ। ਸਿਹਤ ਅਧਿਕਾਰੀਆਂ ਮੁਤਾਬਕ ਲੂ ਲੱਗਣ ਕਾਰਨ 34 ਮੌਤਾਂ ਮਾਂਟਰੀਆਲ ਸ਼ਹਿਰ ‘ਚ ਹੋਈਆਂ। ਜੁਲਾਈ ਦੀ ਸ਼ੁਰੂਆਤ ਤੋਂ ਹੀ ਪੂਰਬੀ ਕੈਨੇਡਾ ਲੂ ਤੋਂ ਪ੍ਰਭਾਵਿਤ ਹੈ। ਸਿਰਫ ਕਿਊਬਿਕ ਵਿਚ ਹੀ ਗਰਮੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਗਿਆ ਹੈ। ਸਾਲ 2010 ‘ਚ ਭਿਆਨਕ ਗਰਮੀ ਕਾਰਨ ਮਾਂਟਰੀਆਲ ਵਿਚ ਤਕਰੀਬਨ 100 ਲੋਕ ਮਾਰੇ ਗਏ ਸਨ।
ਕਿਊਬਿਕ ਦੇ ਪ੍ਰੀਮੀਅਰ ਨੇ ਕਿਹਾ ਕਿ ਹੈਲਥ ਕੇਅਰ ਸੈਂਟਰ ‘ਚ ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ ਹੈ। ਓਧਰ ਮਾਂਟਰੀਆਲ ਦੇ ਪਬਲਿਕ ਹੈਲਥ ਅਧਿਕਾਰੀ ਨੇ ਕਿਹਾ ਕਿ ਗਰਮੀ ਕਾਰਨ ਸ਼ਹਿਰ ‘ਚ ਮਰਨ ਵਾਲੇ ਜ਼ਿਆਦਾਤਰ ਲੋਕਾਂ ਦੀ ਉਮਰ 60 ਸਾਲ ਤੋਂ ਵਧ ਸੀ ਅਤੇ ਉਹ ਲੰਬੇ ਸਮੇਂ ਤੋਂ ਕਿਸੇ ਨਾ ਕਿਸੇ ਬੀਮਾਰੀ ਤੋਂ ਪੀੜਤ ਸਨ। ਕਿਊਬਿਕ ਦੇ ਜਨਤਕ ਸਿਹਤ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਸਥਿਤੀ ਨੂੰ ਆਮ ਹੁੰਦਿਆਂ ਸਮਾਂ ਲੱਗ ਸਕਦਾ ਹੈ, ਇਸ ਲਈ ਲੋਕਾਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਉਹ ਜਿੰਨਾ ਹੋ ਸਕੇ ਲੂ ਤੋਂ ਬੱਚਣ।