ਮਸ਼ਹੂਰ ਕਾਮੇਡੀਅਨ ਤੇ ਐਕਟਰ ਕਪਿਲ ਸ਼ਰਮਾ ਆਪਣੀ ਕਾਮੇਡੀ ਲਈ ਦੁਨੀਆ ਭਰ ਵਿਚ ਫੇਮਸ ਹੈ। ਉਸ ਦਾ ‘ਦਿ ਕਪਿਲ ਸ਼ਰਮਾ ਸ਼ੋਅ’ ਕਈ ਦੇਸ਼ਾਂ ਵਿਚ ਪਸੰਦ ਕੀਤਾ ਜਾਂਦਾ ਹੈ। ਹਾਲ ਹੀ ਵਿਚ ਕਾਮੇਡੀਅਨ ਨੇ ਕੈਨੇਡਾ ਦੇ ਸਰੀ ਵਿਚ ਆਪਣਾ ਨਵਾਂ ਕੈਪਸ ਕੈਫੇ ਸ਼ੁਰੂ ਕੀਤਾ ਪਰ ਉਥੇ ਗੋਲੀਬਾਰੀ ਕੀਤੀ ਗਈ। ਇਸ ਘਟਨਾ ਤੋਂ ਬਾਅਦ ਕਪਿਲ ਸ਼ਰਮਾ ਨੇ ਪਹਿਲੀ ਵਾਰ ਆਪਣੇ Kap’s Café ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਜਾਰੀ ਇੱਕ ਬਿਆਨ ਵਿੱਚ ਕਪਿਲ ਨੇ ਸਰੀ ਦੇ ਮੇਅਰ ਬ੍ਰੇਂਡਾ ਲੌਕ ਅਤੇ ਪੁਲਿਸ ਦਾ ਧੰਨਵਾਦ ਕੀਤਾ।

ਉਸ ਨੇ ਲਿਖਿਆ, “ਸਾਰੇ ਅਧਿਕਾਰੀਆਂ ਦਾ ਧੰਨਵਾਦ ਜੋ ਸਾਨੂੰ ਪਿਆਰ ਅਤੇ ਸਮਰਥਨ ਦੇਣ ਲਈ ਆਏ ਸਨ। ਅਸੀਂ ਹਿੰਸਾ ਦੇ ਵਿਰੁੱਧ ਇੱਕਜੁੱਟ ਹਾਂ।” ਕਪਿਲ ਨੇ ਸਪੱਸ਼ਟ ਕੀਤਾ ਕਿ ਉਹ ਅਤੇ ਉਸ ਦਾ ਪਰਿਵਾਰ ਡਰਨ ਵਾਲੇ ਨਹੀਂ ਹਨ ਅਤੇ ਸ਼ਾਂਤੀ ਅਤੇ ਸੁਰੱਖਿਆ ਦੇ ਹੱਕ ਵਿੱਚ ਮਜ਼ਬੂਤੀ ਨਾਲ ਖੜ੍ਹੇ ਰਹਿਣਗੇ। ਕਪਿਲ ਸ਼ਰਮਾ ਦੇ ਕੈਫੇ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਸਥਾਨਕ ਪੁਲਿਸ ਅਧਿਕਾਰੀ ਤੇ ਮੇਅਰ ਬ੍ਰੇਂਡਾਲਾਕ ਖੁਦ ਕੈਫੇ ਵਿਚ ਆ ਕੇ ਬੈਠੇ ਹਨ ਤੇ ਉਥੇ ਦੀਆਂ ਚੀਜ਼ਾਂ ਦਾ ਆਨੰਦ ਮਾਣ ਰਹੇ ਹਨ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਅਧਿਕਾਰੀਆਂ ਤੇ ਮੇਅਰ ਦਾ ਖੁਦ ਉਸ ਕੈਫੇ ਵਿਚ ਆਉਣਾ ਉਨ੍ਹਾਂ ਦਾ ਸਪੋਰਟ ਦਰਸਾਉਂਦਾ ਹੈ। ਵੀਡੀਓ ਵਿਚ ਕੈਨੇਡਾ ਦੇ ਸਰੀ ਪੁਲਿਸ ਅਧਿਕਾਰੀ ਤੇ ਮੇਅਰ ਉਨ੍ਹਾਂ ਦੇ ਕੈਫੇ ਵਿਚ ਬੈਠੇ ਨਜ਼ਰ ਆਏ ਤੇ ਸਾਰਿਆਂ ਨੇ ਖਾਣੇ ਦਾ ਆਨੰਦ ਮਾਣਿਆ ਤੇ ਸਟਾਫ ਨਾਲ ਵੀ ਗੱਲਬਾਤ ਕੀਤੀ।

ਸਰੀ ਵਿੱਚ ਕੈਪਸ ਕੈਫੇ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਵਿਚ ਹੈ, ਨਾ ਸਿਰਫ਼ ਇਸਦੇ ਖਾਣੇ ਲਈ, ਸਗੋਂ ਇਸਦੇ ਸੁੰਦਰ, ਗੁਲਾਬੀ ਇੰਟੀਰੀਅਰਸ ਲਈ ਵੀ। ਗਿੰਨੀ ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ ਰਾਹੀਂ ਸਟਾਈਲਿਸ਼ ਕੈਫੇ ਦੀਆਂ ਝਲਕੀਆਂ ਸਾਂਝੀਆਂ ਕਰਦੀ ਰਹਿੰਦੀ ਹੈ। ਇੱਥੇ ਗੁੜ ਦੀ ਚਾਹ ਵਰਗੇ ਦੇਸੀ ਸੁਆਦਾਂ ਤੋਂ ਲੈ ਕੇ ਮਾਚਾ ਆਈਸਡ ਕੌਫੀ ਵਰਗੇ ਟ੍ਰੈਂਡੀ ਡਰਿੰਕਸ ਤੱਕ ਸਭ ਕੁਝ ਉਪਲਬਧ ਹੈ। ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਗਈਆਂ ਫੋਟੋਆਂ ਮੁਤਾਬਕ ਕੈਫੇ ਨਿੰਬੂ ਪਿਸਤਾ ਕੇਕ, ਬ੍ਰਾਊਨੀਜ਼, ਕ੍ਰੋਸਾਨ ਅਤੇ ਹੋਰ ਬਹੁਤ ਕੁਝ ਮਿਲਦਾ ਹੈ।

ਦੱਸ ਦੇਈਏ ਕਿ 9 ਜੁਲਾਈ ਨੂੰ ਕਪਿਲ ਸ਼ਰਮਾ ਦੇ ਕੈਪਸ ਕੈਫੇ ‘ਤੇ ਗੋਲੀਬਾਰੀ ਹੋਈ ਸੀ, ਜਿਸ ਵਿੱਚ ਕਈ ਗੋਲੀਆਂ ਕੈਫੇ ਅਤੇ ਨੇੜਲੀਆਂ ਇਮਾਰਤਾਂ ਨੂੰ ਲੱਗੀਆਂ ਸਨ। ਗੋਲੀਬਾਰੀ ਦੀ ਜ਼ਿੰਮੇਵਾਰੀ ਹਰਜੀਤ ਸਿੰਘ ਲਾਡੀ ਨੇ ਲਈ ਸੀ। ਹਰਜੀਤ ਨੇ ਕਥਿਤ ਤੌਰ ‘ਤੇ ਕਿਹਾ ਸੀ ਕਿ ਇਹ ਹਮਲਾ ਕਪਿਲ ਵੱਲੋਂ ਕਥਿਤ ਤੌਰ ‘ਤੇ ਕੀਤੀਆਂ ਗਈਆਂ ਟਿੱਪਣੀਆਂ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ।