ਵੈਨਕੂਵਰ, 16 ਅਕਤੂਬਰ
ਕੈਨੇਡਾ ’ਚ ਅਗਲੀ ਸਰਕਾਰ ਬਣਾਉਣ ਲਈ ਵੋਟਾਂ ਪੈਣ ’ਚ ਹਫ਼ਤੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਚੋਣ ਮੁਹਿੰਮ ’ਚ ਵਿਦੇਸ਼ੀ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਦਖਲਅੰਦਾਜ਼ੀ ’ਚ ਭਾਰਤ ਦਾ ਨਾਂਅ ਉੱਪਰ ਹੈ। ਬੇਸ਼ਕ ਚੀਨ, ਪਾਕਿਸਤਾਨ, ਇਰਾਨ ਤੇ ਕੁਝ ਹੋਰ ਦੇਸ਼ਾਂ ਵਲੋਂ ਆਪਣਾ ਪ੍ਰਭਾਵ ਵਰਤੇ ਜਾਣ ਦੀ ਗੱਲ ਚਲਦੀ ਹੈ, ਪਰ ਭਾਰਤੀ ਮੂਲ ਦੇ ਉਮੀਦਵਾਰਾਂ ਦੀ ਗਿਣਤੀ ਵੱਧ ਹੋਣ ਕਾਰਨ ਭਾਰਤੀ ਏਜੰਸੀਆਂ ਵੱਲੋਂ ਨਤੀਜਿਆਂ ਉੱਤੇ ਆਪਣਾ ਪ੍ਰਛਾਵਾਂ ਛੱਡ ਸਕਣ ਦੀ ਚਰਚਾ ਅਕਸਰ ਚਲਦੀ ਹੈ। ਪਿਛਲੇ ਦਿਨੀਂ ਸੀਬੀਸੀ ਵੱਲੋਂ ਇਨ੍ਹਾਂ ਬਾਰੇ ਤੱਥਾਂ ਸਣੇ ਲੰਬੀ ਲਿਖਤ ਛਾਪੀ ਗਈ ਸੀ।
ਬੀਤੇ ਕੁਝ ਦਿਨਾਂ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਵਧਾਈ ਸੁਰੱਖਿਆ ਨੂੰ ਵੀ ਵਿਦੇਸ਼ੀ ਏਜੰਸੀਆਂ ਦੀ ਚੋਣ ਮੁਹਿੰਮ ’ਚ ਘੁਸਪੈਠ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਐਨਡੀਪੀ ਆਗੂ ਜਗਮੀਤ ਸਿੰਘ ਵੀ ਇਹ ਮੰਨਦੇ ਹਨ ਕਿ ਭਾਰਤ ਸਣੇ ਕਈ ਦੇਸ਼ਾਂ ਦੀਆਂ ਸਰਕਾਰਾਂ ਕੈਨੇਡਾ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕਾਰਜਸ਼ੀਲ ਹਨ। ਅਗਾਊਂ ਵੋਟਾਂ ਪਾਉਣ ਲਈ ਦੇ ਚਾਰ ਦਿਨਾਂ ’ਚ ਕਰੀਬ 42 ਲੱਖ ਵੋਟਰ ਆਪਣੇ ਹੱਕ ਦੀ ਵਰਤੋਂ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ’ਚ ਚੋਣਾਂ ਵਾਲੇ ਦਿਨ ਤੋਂ ਪਹਿਲਾਂ ਕੁਝ ਨਿਸ਼ਚਤ ਦਿਨਾਂ ’ਤੇ ਅਗਾਊਂ ਵੋਟਾਂ ਪੈ ਸਕਦੀਆਂ ਹਨ।