ਵੈਨਕੂਵਰ, 20 ਸਤੰਬਰ
ਕੈਨੇਡਾ ਦੀ 44ਵੀਂ ਪਾਰਲੀਮੈਂਟ ਲਈ ਚੋਣਾਂ ਸੋਮਵਾਰ ਸਵੇਰੇ ਸਾਢੇ ਸੱਤ ਵਜੇ ਪੈਣੀਆਂ ਸ਼ੁਰੂ ਹੋਣਗੀਆਂ ਅਤੇ ਸ਼ਾਮ ਨੂੰ 12 ਘੰਟੇ ਬਾਅਦ ਬੰਦ ਹੋਣਗੀਆਂ। ਕੁਝ ਥਾਵਾਂ ’ਤੇ ਸ਼ੁਰੂਆਤ ਸਾਢੇ ਨੌਂ ਵਜੇ ਹੋਵੇਗੀ। ਪੂਰਬੀ ਤੇ ਪੱਛਮੀ ਸੂਬਿਆਂ ਵਿੱਚ ਸਮੇਂ ਵਿਚਲੇ ਤਿੰਨ ਘੰਟੇ ਦੇ ਫਰਕ ਕਾਰਨ ਪੱਛਮੀ ਸੂਬੇ ਬੀਸੀ ਵਿੱਚ ਵੋਟਾਂ ਦਾ ਸਮਾਂ ਖਤਮ ਹੋਣ ’ਤੇ ਗਿਣਤੀ ਸਾਰੇ ਦੇਸ਼ ’ਚ ਇਕੋ ਸਮੇਂ ਸ਼ੁਰੂ ਹੋਵੇਗੀ। ਪਾਰਟੀਆਂ ਦੀ ਜਿੱਤ-ਹਾਰ ਦੇ ਸੰਕੇਤ ਤਾਂ ਗਿਣਤੀ ਦੇ ਕੁਝ ਘੰਟਿਆਂ ਬਾਅਦ ਆਉਣ ਲੱਗਣਗੇ, ਪਰ ਅਸਲ ਨਤੀਜੇ ਡਾਕ ਵੋਟਾਂ ਦੀ ਗਿਣਤੀ ’ਤੇ ਨਿਰਭਰ ਕਰਨਗੇ। ਇਹ ਪਹਿਲੀ ਵਾਰ ਹੈ ਕਿ ਡਾਕ ਵੋਟਾਂ ਹਜ਼ਾਰਾਂ ਤੋਂ ਵਧ ਕੇ ਕਈ ਲੱਖਾਂ ਵਿੱਚ ਪਹੁੰਚੀਆਂ ਹਨ।
ਪਹਿਲੇ ਸਰਵੇਖਣਾਂ ਵਿੱਚ ਬਹੁਮਤ ਤੋਂ ਪਛੜਦੀ ਦੱਸੀ ਜਾਂਦੀ ਲਿਬਰਲ ਪਾਰਟੀ ਹੁਣ ਐੱਨਡੀਪੀ ਨੂੰ ਖੋਰਾ ਲਾ ਕੇ ਉੱਪਰ ਉੱਠਦੀ ਦੱਸੀ ਜਾ ਰਹੀ ਹੈ। ਬੇਸ਼ੱਕ ਪੰਜਾਬੀਆਂ ਦੀ ਬਹੁਤਾਤ ਵਾਲੇ ਹਲਕਿਆਂ ਵਿੱਚ ਬਹੁਤੇ ਉਮੀਦਵਾਰ ਪੰਜਾਬੀ ਹਨ, ਪਰ ਉੱਥੇ ਬਹੁਤੇ ਲਿਬਰਲ ਉਮੀਦਵਾਰਾਂ ਨੇ ਵੋਟਰਾਂ ਵਿੱਚ ਆਪਣੀ ਪਕੜ ਬਣਾਈ ਹੋਈ ਹੈ। 6 ਸਾਲ ਤੋਂ ਵੀਜ਼ੇ ਦੇਣ ਦੀ ਉਦਾਰਤਾ ਕਾਰਨ ਪੰਜਾਬੀਆਂ ਦੀ ਪਸੰਦ ਬਣੇ ਜਸਟਿਨ ਟਰੂਡੋ ਦੀ ਜਿੱਤ ਲਈ ਪੰਜਾਬ ਬੈਠੇ ਤੇ ਕੈਨੇਡਾ ਦੇ ਸੁਫ਼ਨੇ ਦੇਖਦੇ ਲੋਕਾਂ ਵੱਲੋਂ ਅਰਦਾਸਾਂ ਤੇ ਮੰਨਤਾਂ ਮੰਗੀਆਂ ਜਾ ਰਹੀਆਂ ਹਨ।
ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ 39 ਸੰਸਦੀ ਸੀਟਾਂ ’ਚੋਂ ਬੇਸ਼ੱਕ ਪਿਛਲੀ ਵਾਰ ਲਿਬਰਲ ਪਾਰਟੀ 11 ਸੀਟਾਂ ਲੈ ਕੇ ਟੋਰੀ ਪਾਰਟੀ ਤੋਂ 6 ਸੀਟਾਂ ਨਾਲ ਪੱਛੜ ਗਈ ਸੀ ਪਰ ਇਸ ਵਾਰ ਟੋਰੀਆਂ ਨੂੰ ਖੋਰਾ ਲੱਗਣ ਦੇ ਸੰਕੇਤ ਮਿਲਦੇ ਹਨ। ਬੇਸ਼ੱਕ ਕੈਨੇਡਾ ਵਿੱਚ ਫੈਡਰਲ ਤੇ ਸੂਬਾਈ ਪਾਰਟੀਆਂ ਦੀ ਹੋਂਦ ਤੇ ਨੀਤੀਆਂ ਵੱਖਰੀਆਂ ਹੁੰਦੀਆਂ ਹਨ ਪਰ ਬੀਸੀ ਦੀ ਐੱਨਡੀਪੀ ਸਰਕਾਰ ਨੂੰ ਲੋਕਾਂ ਦੇ ਸਮਰਥਨ ਦਾ ਫਾਇਦਾ ਜਗਮੀਤ ਸਿੰਘ ਵਾਲੀ ਐੱਨਡੀਪੀ ਨੂੰ ਮਿਲਣ ਦਾ ਪਤਾ ਲੱਗਦਾ ਹੈ। ਸਰੀ ਸਮੇਤ ਪੰਜਾਬੀਆਂ ਦੀ ਵਸੋਂ ਵਾਲੇ ਖੇਤਰਾਂ ਤੋਂ ਇਸ ਵਾਰ ਵੀ ਹਵਾ ਲਿਬਰਲ ਉਮੀਦਵਾਰਾਂ ਦੇ ਹੱਕ ਵਿੱਚ ਲਗਦੀ ਹੈ।