ਕੈਨੇਡਾ ਵਿਚ ਪੜ੍ਹ ਰਹੇ ਕੌਮਾਂਤਰੀ ਵਿਦਿਆਰਥੀਆਂ, ਖ਼ਾਸ ਕਰ ਕੇ ਪੰਜਾਬੀਆਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਇਕ ਰਿਪੋਰਟ ਮੁਤਾਬਕ ਉਨ੍ਹਾਂ ਤੋਂ ਹੁਣ ਕਈ ਤਰ੍ਹਾਂ ਦੇ ਦਸਤਾਵੇਜ਼ ਮੰਗੇ ਜਾ ਰਹੇ ਹਨ। ਵਿਦਿਆਰਥੀਆਂ ਤੋਂ ਈ-ਮੇਲ ਰਾਹੀਂ ਸਟੱਡੀ ਪਰਮਿਟ, ਵੀਜ਼ਾ, ਵਿਦਿਅਕ ਰਿਕਾਰਡ, ਅੰਕ ਅਤੇ ਹਾਜ਼ਰੀ ਮੰਗੀ ਗਈ ਹੈ।
ਕੈਨੇਡਾ ਦੇ ਇਮੀਗ੍ਰੇਸ਼ਨ ਰਫ਼ਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਵਿਭਾਗ ਦੇ ਇਸ ਕਦਮ ਕਾਰਨ ਵਿਦਿਆਰਥੀ ਡਰੇ ਹੋਏ ਹਨ। ਬਹੁਤ ਸਾਰੇ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਕੋਲ ਸਿਰਫ਼ ਦੋ ਸਾਲ ਦਾ ਵੀਜ਼ਾ ਹੈ। ਕੈਨੇਡਾ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਲੈ ਕੇ ਅਪਣੇ ਨਿਯਮ ਬਹੁਤ ਸਖ਼ਤ ਬਣਾਏ ਹਨ। ਇਸ ਦੌਰਾਨ ਪਤਾ ਲੱਗਾ ਹੈ ਕਿ ਸਖ਼ਤੀ ਦੀ ਗ਼ਾਜ ਉਨ੍ਹਾਂ ’ਤੇ ਡਿੱਗਣ ਦਾ ਜ਼ਿਆਦਾ ਖ਼ਦਸ਼ਾ ਹੈ, ਜਿਨ੍ਹਾਂ ਨੇ ਏਜੰਟਾਂ ਦੀ ਮਦਦ ਨਾਲ ਕੈਨੇਡਾ ਪੁੱਜਣ ਲਈ ਸਟੱਡੀ ਪਰਮਿਟ ਨੂੰ ਮਹਿਜ਼ ਸਾਧਨ ਵਜੋਂ ਵਰਤਿਆ ਹੈ।
ਦਰਅਸਲ ਕੈਨੇਡਾ ਆਏ ਕੌਮਾਂਤਰੀ ਵਿਦਿਆਰਥੀਆਂ ਨੂੰ ਆਈਆਰਸੀਸੀ (ਅਵਾਸ ਵਿਭਾਗ) ਵਲੋਂ ਕੁੱਝ ਦਿਨਾਂ ਤੋਂ ਆਈਆਂ ਈਮੇਲ ਰਾਹੀਂ ਅਪਣੇ ਦਸਤਾਵੇਜ਼ਾਂ ਸਮੇਤ ਪੜ੍ਹਾਈ ਦੇ ਸਥਾਨ, ਉਥੋਂ ਦੀਆਂ ਹਾਜ਼ਰੀਆਂ ਅਤੇ ਕੰਮ ਦੇ ਸਥਾਨਾਂ ਆਦਿ ਦੀ ਜਾਣਕਾਰੀ ਭੇਜਣ ਦੇ ਦਿਤੇ ਗਏ ਹੁਕਮਾਂ ਕਾਰਨ ਪੰਜਾਬੀ ਵਿਦਿਆਰਥੀਆਂ ਵਿਚ ਸਹਿਮ ਹੈ। ਹਾਲਾਂਕਿ ਵਿਭਾਗ ਦੇ ਬੁਲਾਰੇ ਜਾਂ ਮੰਤਰੀ ਵਲੋਂ ਇਸ ਬਾਰੇ ਅਜੇ ਕੋਈ ਵੀ ਅਧਿਕਾਰਤ ਬਿਆਨ ਨਹੀਂ ਆਇਆ ਪਰ ਵਿਭਾਗ ਦੇ ਸੂਤਰਾਂ ਨੇ ਗ਼ੈਰ-ਰਸਮੀ ਗੱਲਬਾਤ ’ਚ ਕਿਹਾ ਕਿ ਪੁਛਗਿੱਛ ਆਮ ਰੁਟੀਨ ਦਾ ਹਿੱਸਾ ਹੈ।
ਉਨ੍ਹਾਂ ਕਿਹਾ ਕਿ ਅਵਾਸ ਵਿਭਾਗ ਨੂੰ ਸ਼ੱਕ ਦੂਰ ਕਰਨ ਲਈ ਕਿਸੇ ਦੇ ਵੀ ਪੱਤਰਾਂ ਦੀ ਜਾਂਚ ਕਰਨ ਦਾ ਹੱਕ ਹਾਸਲ ਹੈ ਤੇ ਕਿਸੇ ਤੋਂ ਵੀ ਦੁਬਾਰਾ ਦਸਤਾਵੇਜ਼ ਮੰਗੇ ਜਾ ਸਕਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਕੋਰੋਨਾ ਤੋਂ ਬਾਅਦ ਵਿਦਿਆਰਥੀਆਂ ਦੀ ਇਕਦਮ ਵਧੀ ਭੀੜ ਦੌਰਾਨ ਫ਼ਾਈਲਾਂ ਚੰਗੀ ਤਰ੍ਹਾਂ ਨਹੀਂ ਘੋਖੀਆਂ ਗਈਆਂ, ਜਿਸ ਕਰ ਕੇ ਕੁੱਝ ਨਾਜਾਇਜ਼ ਵਿਦਿਆਰਥੀ ਕੈਨੇਡਾ ਪਹੁੰਚਣ ਵਿਚ ਸਫ਼ਲ ਹੋ ਗਏ ਜਿਨ੍ਹਾਂ ਦੀ ਜਾਂਚ ਦੁਬਾਰਾ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਭਰੋਸੇ ਨਾਲ ਕਿਹਾ ਕਿ ਨਾਜਾਇਜ਼ ਦਸਤਾਵੇਜ਼ਾਂ ਸਹਾਰੇ ਇਥੇ ਪੁੱਜੇ ਲੋਕਾਂ ਦੇ ਮਨਾਂ ’ਚ ਡਰ ਹੋਣਾ ਜਾਇਜ਼ ਹੈ ਪਰ ਮਿਹਨਤੀ ਵਿਦਿਆਰਥੀਆਂ ਨੂੰ ਅਪਣੇ ਭਵਿੱਖ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਸਗੋਂ ਉਨ੍ਹਾਂ ਨੂੰ ਕਿਸੇ ਵੀ ਝੰਜਟ ਵਿਚ ਪੈਣ ਤੋਂ ਬਿਨਾਂ ਮੰਗੇ ਗਏ ਦਸਤਾਵੇਜ਼ ਫ਼ੌਰੀ ਵਿਭਾਗ ਨੂੰ ਭੇਜਣੇ ਚਾਹੀਦੇ ਹਨ।