ਕੈਲੇਫੋਰਨੀਆ : ਕੈਲੇਫੋਰਨੀਆ ਵਿਚ ਇਕ ਭਾਰਤੀ ਟਰੱਕ ਡਰਾਈਵਰ ਨੂੰ ਇਕ ਹਜ਼ਾਰ ਪਾਊਂਡ ਸ਼ੱਕੀ ਕੋਕੀਨ ਸਣੇ ਕਾਬੂ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਕੈਨੇਡਾ ਵਿਚ ਇਕ ਭਾਰਤੀ ਟ੍ਰਕਰ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ 12 ਸਾਲ ਵਾਸਤੇ ਜੇਲ ਭੇਜਿਆ ਜਾ ਸਕਦਾ ਹੈ। ਬੇਅਰਸਟੋਅ ਪੁਲਿਸ ਨੇ ਦੱਸਿਆ ਕਿ ਫਰੀਵੇਅ ਰੋਡ ਅਤੇ ਲੈਨਵੁੱਡ ਰੋਡ ਇਲਾਕੇ ਵਿਚ ਇਕ ਟਰੱਕ ਨੂੰ ਵ੍ਹੀਕਲ ਕੋਡ ਵਾਇਲੇਸ਼ਨ ਦੇ ਸ਼ੱਕ ਹੇਠ ਰੋਕਿਆ ਗਿਆ ਪਰ ਇਸੇ ਦੌਰਾਨ ਪੁਲਿਸ ਦੇ ਕੁੱਤੇ ਨੇ ਟ੍ਰੇਲਰ ਵਿਚ ਨਸ਼ੀਲੇ ਪਦਾਰਥ ਹੋਣ ਦਾ ਸੰਕੇਤ ਦੇ ਦਿਤਾ। ਪੁਲਿਸ ਨੇ ਐਰੀਜ਼ੋਨਾ ਦੇ ਵਸਨੀਕ ਯੁਵਾਰੀ ਸਿੰਘ ਨੂੰ ਕੇ-9 ਐਲਰਟ ਬਾਰੇ ਦੱਸਿਆ ਤਾਂ ਉਸ ਨੇ ਟਰੱਕ ਦੀ ਤਲਾਸ਼ੀ ਲਈ ਸਹਿਮਤੀ ਦੇ ਦਿਤੀ। ਤਲਾਸ਼ੀ ਦੌਰਾਨ 453 ਕਿਲੋ ਸ਼ੱਕੀ ਕੋਕੀਨ ਬਰਾਮਦ ਕੀਤੀ ਗਈ ਜੋ ਨਾਮੀ ਨਸ਼ਾ ਤਸਕਰ ਪਾਬਲੋ ਐਸਕੋਬਾਰ ਦੀਆਂ ਤਸਵੀਰਾਂ ਵਾਲੇ ਪੈਕਟਾਂ ਵਿਚ ਬੰਦ ਸੀ। ਯੁਵਾਰੀ ਸਿੰਘ ਨੂੰ ਗ੍ਰਿਫਤਾਰ ਕਰ ਕੇ ਹਾਈ ਡੈਜ਼ਰਟ ਡਿਟੈਨਸ਼ਨ ਸੈਂਟਰ ਲਿਜਾਇਆ ਗਿਆ ਅਤੇ ਬੇਅਰਸਟੋਅ ਪੁਲਿਸ ਨੇ ਨਸ਼ਿਆਂ ਦੀ ਖੇਪ ਜ਼ਬਤ ਕਰ ਲਈ।
ਹੁਣ ਹੋਵੇਗਾ 12 ਸਾਲ ਤੱਕ ਦੀ ਜੇਲ
ਦੂਜੇ ਪਾਸੇ ਕੈਨੇਡਾ ਵਿਚ ਨਸ਼ਾ ਤਸਕਰੀ ਦਾ ਮੁਕੱਦਮਾ ਭੁਗਤ ਰਹੇ ਟਰੱਕ ਡਰਾਈਵਰ ਚੰਦਰ ਸਿਧਾਰ ਨੂੰ 9 ਤੋਂ 12 ਸਾਲ ਤੱਕ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਕੈਲੇਡਨ ਦੇ ਚੰਦਰ ਸਿਧਾਰ ਨੇ 84 ਕਿਲੋ ਕੋਕੀਨ ਦੀ ਤਸਕਰੀ ਦਾ ਗੁਨਾਹ ਬੀਤੇ ਮਈ ਮਹੀਨੇ ਦੌਰਾਨ ਕਬੂਲ ਕਰ ਲਿਆ ਸੀ। ਚੰਦਰ ਸਿਧਾਰ ਦੇ ਵਕੀਲ ਜਿੰਮੀ ਮੱਲ੍ਹੀ ਵੱਲੋਂ ਆਪਣੇ ਮੁਵੱਕਲ ਨਾਲ ਨਰਮੀ ਵਰਤਣ ਦੀ ਅਪੀਲ ਕੀਤੀ ਗਈ ਹੈ। ਸਜ਼ਾ ਦੀ ਮਿਆਦ ਬਾਰੇ ਸੁਣਵਾਈ ਦੌਰਾਨ ਜਿੰਮੀ ਮੱਲ੍ਹੀ ਨੇ ਕਿਹਾ ਕਿ 57 ਸਾਲ ਦੇ ਹੋ ਚੁੱਕੇ ਚੰਦਰ ਸਿਧਾਰ ਨੇ 30 ਸਾਲ ਸਖ਼ਤ ਮਿਹਨਤ ਕਰਦਿਆਂ ਕੈਨੇਡਾ ਵਿਚ ਲੰਘਾ ਦਿਤੇ ਅਤੇ ਇਮਾਨਦਾਰੀ ਨਾਲ ਟੈਕਸ ਅਦਾ ਕੀਤਾ। ਇਥੇ ਦਸਣਾ ਬਣਦਾ ਹੈ ਕਿ 14 ਦਸੰਬਰ 2022 ਨੂੰ ਚੰਦਰ ਸਿਧਾਰ ਸਾਰਨੀਆ ਦੇ ਬਲੂ ਵਾਟਰ ਬ੍ਰਿਜ ਰਾਹੀਂ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਿਹਾ ਸੀ ਜਦੋਂ ਟਰੱਕ ਦੀ ਤਲਾਸ਼ੀ ਦੌਰਾਨ ਕੋਕੀਨ ਬਰਾਮਦ ਕੀਤੀ ਗਈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਚੰਦਰ ਸਿਧਾਰ ਨੇ ਕੈਲੇਫੋਰਨੀਆ ਤੋਂ ਟਰੱਕ ਲੱਦਿਆ ਪਰ ਰਾਹ ਵਿਚ ਅਜਿਹੀ ਜਗ੍ਹਾ ’ਤੇ ਰੁਕਿਆ ਜੋ ਟ੍ਰਕਿੰਗ ਦੇ ਕਿੱਤੇ ਨਾਲ ਸਬੰਧਤ ਨਹੀਂ ਸੀ। ਉਸ ਨੇ ਫੋਨ ਰਾਹੀਂ ਕਈ ਟੈਕਸਟ ਮੈਸੇਜ ਭੇਜੇ ਜਿਨ੍ਹਾਂ ਵਿਚ ਟਰੱਕ ਦੇ ਰੰਗ ਅਤੇ ਮੁਲਾਕਾਤ ਦੀ ਜਗ੍ਹਾ ਬਾਰੇ ਜ਼ਿਕਰ ਕੀਤਾ ਗਿਆ ਸੀ।
ਅਮਰੀਕਾ ’ਚ ਭਾਰਤੀ ਟਰੱਕ ਡਰਾਈਵਰ ਨਸ਼ਿਆਂ ਸਣੇ ਗ੍ਰਿਫ਼ਤਾਰ
ਆਰ.ਸੀ.ਐਮ.ਪੀ. ਦੇ ਇਕ ਸਾਰਜੈਂਟ ਮੁਤਾਬਕ ਕੋਕੀਨ ਦੀ ਅੰਦਾਜ਼ਨ ਕੀਮਤ 7.5 ਮਿਲੀਅਨ ਡਾਲਰ ਤੋਂ 12 ਮਿਲੀਅਨ ਡਾਲਰ ਦਰਮਿਆਨ ਹੋ ਸਕਦੀ ਹੈ। ਉਧਰ ਸਰਕਾਰੀ ਵਕੀਲ ਮਾਰਟਨ ਡਾਇਕਸਟ੍ਰਾ ਨੇ ਚੰਦਰ ਸਿਧਾਰ ਨੂੰ 12 ਸਾਲ ਵਾਸਤੇ ਜੇਲ ਭੇਜਣ ਦੀ ਮੰਗ ਕੀਤੀ। ਮਿਸਾਲ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਬਰੈਂਟਫੋਰਡ ਦੇ ਇਕ ਦੋਸ਼ੀ ਨੂੰ ਪੰਜ ਮਿਲੀਅਨ ਡਾਲਰ ਦੀ ਕੋਕੀਨ ਜ਼ਬਤ ਹੋਣ ’ਤੇ 11 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਅਜਿਹੇ ਵਿਚ ਚੰਦਰ ਸਿਧਾਰ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ। ਡਾਇਕਸਟ੍ਰਾ ਨੇ ਸਵਾਲ ਉਠਾਇਆ ਕਿ ਜੇ 84 ਕਿਲੋ ਕੋਕੀਨ ਕੈਨੇਡਾ ਦਾਖਲ ਹੋ ਜਾਂਦੀ ਤਾਂ ਅਣਕਿਆਸੀ ਤਬਾਹੀ ਮਚਾ ਸਕਦੀ ਸੀ। ਇਸ ਦੇ ਜਵਾਬ ਵਿਚ ਜਿੰਮੀ ਮੱਲ੍ਹੀ ਨੇ ਕਿਹਾ ਕਿ ਉਸ ਦੇ ਮੁਵੱਕਲ ਦੇ ਸਿਰ ’ਤੇ 2 ਮਿਲੀਅਨ ਡਾਲਰ ਦਾ ਕਰਜ਼ਾ ਹੈ ਅਤੇ ਉਸ ਦਾ ਘਰ ਵਿਕਣ ਵਾਲਾ ਸੀ ਜਿਸ ਨੂੰ ਬਚਾਉਣ ਲਈ ਉਹ ਕੋਕੀਨ ਦੀ ਖੇਪ ਲਿਆਉਣ ਵਾਸਤੇ ਰਾਜ਼ੀ ਹੋਇਆ। ਬਚਾਅ ਪੱਖ ਦੇ ਵਕੀਲ ਨੇ ਦਲੀਲ ਦਿਤੀ ਕਿ ਹੁਣ ਚੰਦਰ ਸਿਧਾਰ ਗੰਭੀਰ ਸਿਹਤ ਸਮੱਸਿਆਵਾਂ ਵਿਚ ਵੀ ਘਿਰ ਚੁੱਕਾ ਹੈ। ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਜੱਜ ਨੇ ਕਿਹਾ ਕਿ ਸਜ਼ਾ ਦਾ ਐਲਾਨ ਨਵੰਬਰ ਵਿਚ ਕੀਤਾ ਜਾਵੇਗਾ।