ਟੋਰਾਂਟੋ, 8 ਜੂਨ
ਕੈਨੇਡਾ ਵਿਚ ਪੈਦਲ ਜਾ ਰਹੇ ਪਾਕਿਸਤਾਨੀ ਮੂਲ ਦੇ ਮੁਸਲਮਾਨ ਪਰਿਵਾਰ ਦੇ ਪੰਜ ਮੈਂਬਰਾਂ ’ਤੇ ਇਕ ਵਿਅਕਤੀ ਨੇ ਆਪਣੀ ਗੱਡੀ ਚੜ੍ਹਾ ਦਿੱਤੀ ਜਿਸ ਕਾਰਨ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਹਾਦਸੇ ਵਿੱਚ ਜ਼ਖ਼ਮੀ ਬੱਚੇ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਕੈਨੇਡੀਅਨ ਪੁਲੀਸ ਨੇ ਦੱਸਿਆ ਮੁਸਲਮਾਨ ਹੋਣ ਦੇ ਕਾਰਨ ਡਰਾਈਵਰ ਨੇ ਅਪਣੀ ਗੱਡੀ ਪਰਿਵਾਰ ’ਤੇ ਚੜ੍ਹਾਈ। ਘਟਨਾ ਐਤਵਾਰ ਸ਼ਾਮ ਨੂੰ ਵਾਪਰੀ। ਓਂਟਾਰੀਓ ਵਿੱਚ ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ 74 ਸਾਲਾ ਔਰਤ, 46 ਸਾਲਾ ਪੁਰਸ਼, 44 ਸਾਲਾ ਔਰਤ ਅਤੇ 15 ਸਾਲ ਦੀ ਲੜਕੀ ਸ਼ਾਮਲ ਹੈ। ਨੌਂ ਸਾਲ ਦਾ ਬੱਚਾ ਗੰਭੀਰ ਜ਼ਖ਼ਮੀ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨਾਥਾਨੀਲ ਵੈਲਟਮੈਨ (20) ਓਂਟਾਰੀਓ ਵਿੱਚ ਲੰਡਨ ਦਾ ਰਹਿਣ ਵਾਲਾ ਹੈ ਤੇ ਉਹ ਪੀੜਤਾਂ ਨੂੰ ਜਾਣਦਾ ਵੀ ਨਹੀਂ। ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ।