ਅਲਬਰਟਾ— ਕਈ ਵਾਰ ਲੋਕ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਨੇ ਆਰਡਰ ਕਿਸੇ ਹੋਰ ਚੀਜ਼ ਦਾ ਕੀਤਾ ਸੀ ਪਰ ਡਲਿਵਰੀ ਸਮੇਂ ਉਨ੍ਹਾਂ ਨੂੰ ਕੁੱਝ ਹੋਰ ਹੀ ਪ੍ਰਾਪਤ ਹੋਇਆ। ਕੈਨੇਡਾ ‘ਚ ਇਕ ਗਰਭਵਤੀ ਔਰਤ ਸਾਰਾਹ ਡੌਗਸ ਨਾਲ ਵੀ ਅਜਿਹਾ ਹੀ ਹੋਇਆ। ਉਸ ਨੇ ਦੱਸਿਆ ਕਿ ਉਸ ਨੇ ਇਕ ਰੈਸਟੋਰੈਂਟ ਨੂੰ ਆਰਡਰ ਕਰਕੇ ਕੌਫੀ ਮੰਗਵਾਈ ਸੀ ਅਤੇ ਜਦ ਉਸ ਕੋਲ ਇਹ ਆਰਡਰ ਪੁੱਜਾ ਤਾਂ ਸਫਾਈ ਕਰਨ ਵਾਲਾ ਤਰਲ ਪਦਾਰਥ ਸੀ। ਉਸ ਨੇ ਕਿਹਾ ਕਿ ਉਹ ਕੌਫੀ ਸਮਝ ਕੇ ਇਸ ਪਦਾਰਥ ਨੂੰ ਪੀਣ ਲੱਗੀ ਤਾਂ ਉਸ ਨੂੰ ਬਹੁਤ ਗੰਦਾ ਸਵਾਦ ਆਇਆ। ਬਾਅਦ ‘ਚ ਉਸ ਨੂੰ ਪਤਾ ਲੱਗਾ ਕਿ ਇਹ ਸਫਾਈ ਕਰਨ ਵਾਲਾ ਪਦਰਾਥ ਹੈ। ਉਸ ਨੇ ਕਿਹਾ ਕਿ ਉਹ ਗਰਭਵਤੀ ਹੈ ਅਤੇ ਉਸ ਸਮੇਂ ਉਸ ਦਾ ਮਨ ਬਹੁਤ ਖਰਾਬ ਹੋਇਆ। ਬਿਨਾਂ ਦੇਰ ਕੀਤਿਆਂ ਉਹ ਉਸ ਰੈਸਟੋਰੈਂਟ ‘ਚ ਪੁੱਜੀ, ਜਿੱਥੋਂ ਉਸ ਨੂੰ ਇਹ ਕੌਫੀ ਮਿਲੀ ਸੀ।
ਸਾਰਾਹ ਰੈਸਟੋਰੈਂਟ ‘ਚ ਗਈ ਅਤੇ ਸੁਪਰਵਾਈਜ਼ਰ ਨੂੰ ਜਾ ਕੇ ਸਾਰੀ ਗੱਲ ਦੱਸੀ। ਉਸ ਨੇ ਪੁੱਛਿਆ ਕਿ ਕੀ ਉਹ ਇਸ ਦੇ ਬਦਲੇ ਹੋਰ ਕੌਫੀ ਲੈਣਾ ਚਾਹੁੰਦੀ ਹੈ ਤਾਂ ਉਸ ਨੇ ਕਿਹਾ ਕਿ ਉਹ ਮੁੜ ਕੇ ਕਦੇ ਵੀ ਇੱਥੋਂ ਕੁਝ ਨਹੀਂ ਲਵੇਗੀ। ਇਸ ਗਲਤੀ ‘ਤੇ ਉਨ੍ਹਾਂ ਨੇ ਮੁਆਫੀ ਮੰਗਦਿਆਂ ਕਿਹਾ ਕਿ ਉਨ੍ਹਾਂ ਨੂੰ ਅਫਸੋਸ ਹੈ ਕਿ ਉਨ੍ਹਾਂ ਦੇ ਸਟਾਫ ਕੋਲੋਂ ਇੰਨੀ ਵੱਡੀ ਗਲਤੀ ਹੋ ਗਈ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਰੋਜ਼ਾਨਾ ਵਾਂਗ ਦੁੱਧ ਵਾਲੀ ਮਸ਼ੀਨ ਨੂੰ ਸਾਫ ਕੀਤਾ ਗਿਆ ਸੀ। ਸਫਾਈ ਵਾਲੇ ਤਰਲ ਪਦਾਰਥ ਦੀ ਪਾਈਪ ਇਸ ‘ਚੋਂ ਹਟਾਈ ਨਹੀਂ ਗਈ ਅਤੇ ਸਟਾਫ ਦੀ ਇਸੇ ਗਲਤੀ ਕਾਰਨ ਕੌਫੀ ‘ਚ ਸਫਾਈ ਵਾਲਾ ਤਰਲ ਪਦਾਰਥ ਰਲ ਗਿਆ। ਇਸ ਗਲਤੀ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਇਸ ਮਸ਼ੀਨ ਨੂੰ ਸਾਫ ਕਰਵਾਇਆ ਗਿਆ।