ਔਟਵਾ/ਸਟਾਰ ਨਿਊਜ਼:- ਹਰ ਸਾਲ ਕੈਨੇਡਾ ਵਿੱਚ ਹਜ਼ਾਰਾਂ ਹੀ ਅੰਤਰਰਾਸ਼ਟਰੀ ਵਿੱਦਿਆਰਥੀ ਵੱਖ-ਵੱਖ ਦੇਸ਼ਾਂ ਤੋਂ ਆਉਂਦੇ ਹਨ। ਇਸ ਸਾਲ ਕੈਨੇਡਾ ਸਰਕਾਰ ਨੇ ਆਪਣੇ ਨਵੇਂ ਪਰੋਗਰਾਮ ਵਿੱਚ ਤਬਦੀਲੀ ਕਰਨ ਬਾਰੇ ਵਿਚਾਰ ਬਣਾਇਆ ਹੈ। ਇਸ ਨਵੇਂ ਪੰਜ ਸਾਲਾ ਪਰੋਗਰਾਮ ਵਿੱਚ ਅੰਤਰਰਾਸ਼ਟਰੀ ਵਿੱਦਿਆਰਥੀਆਂ ਨੂੰ ਕਿਨ੍ਹਾਂ ਦੇਸ਼ਾਂ ਵਿੱਚੋਂ ਵਧੇਰੇ ਸੱਦਣਾ ਹੈ ਇਸ ਵਿੱਚ ਤਬਦੀਲੀ ਕੀਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਦੁਨੀਆ ਪੱਧਰ ‘ਤੇ ਆਪਣੇ ਸਬੰਧ ਬਨਾਉਣਾ ਚਾਹੁੰਦੀ ਹੈ। ਇਸ ਲਈ ਹੁਣ ਹੋਰ ਬਹੁਤ ਸਾਰੇ ਦੇਸ਼ਾਂ ਤੋਂ ਵਧੇਰੇ ਅੰਤਰਰਾਸ਼ਟਰੀ ਵਿੱਦਿਆਰਥੀ ਸੱਦੇ ਜਾਣਗੇ, ਇਨ੍ਹਾਂ ਦੇਸ਼ਾਂ ਵਿੱਚ ਮੈਕਸੀਕੋ, ਕੋਲੰਬੀਆ, ਬ੍ਰਾਜ਼ੀਲ, ਵਿਅਤਨਾਮ, ਫਿਲਪੀਨ, ਇੰਡੋਨੇਸ਼ੀਆ, ਥਾਈਲੈਂਡ, ਮੋਰੱਕੋ, ਤੁਰਕੀ, ਫ੍ਰਾਂਸ ਅਤੇ ਯੂਕਰੇਨ ਸ਼ਾਮਿਲ ਹਨ। ਇਸੇ ਹਫ਼ਤੇ ਸਰਕਾਰ ਨੇ ਆਪਣੀ ਨਵੀਂ ਨੀਤੀ ਜਾਰੀ ਕੀਤੀ ਹੈ। ਜਿਸ ਵਿੱਚ ਸਰਕਾਰ ਨੇ ਅੰਤਰਰਾਸ਼ਟਰੀ ਵਿੱਦਿਆਰਥੀਆਂ ਵਲੋਂ ਕੈਨੇਡੀਅਨ ਅਰਥਚਾਰੇ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ ਅਤੇ ਦੱਸਿਆ ਕਿ ਸਾਲ 2019 ਵਿੱਚ ਹੁਣ ਤੱਕ ਅੰਤਰਰਾਸ਼ਟਰੀ ਵਿੱਦਿਆਰਥੀਆਂ ਨੂੰ 570,000 ਸਟੱਡੀ ਪਰਮਿੱਟ ਜਾਰੀ ਕੀਤੇ ਗਏ ਸਨ ਅਤੇ ਇਸ ਸਾਲ ਕੈਨੇਡੀਅਨ ਅਰਥਚਾਰੇ ਨੂੰ $21 ਬਿਲੀਅਨ ਦਾ ਫਾਇਦਾ ਹੋਇਆ ਹੈ। ਸਰਕਾਰ ਦਾ ਟੀਚਾ ਹੈ ਕਿ ਅਗਲੇ ਪੰਜ ਸਾਲ ਵਿੱਚ ਅੰਤਰਰਾਸ਼ਟਰੀ ਵਿੱਦਿਆਰਥੀਆਂ ਦੇ ਪਰੋਗਰਾਮ ‘ਤੇ $148 ਮਿਲੀਅਨ ਖਰਚੇ ਜਾਣਗੇ। ਹੁਣ ਤੱਕ ਵਧੇਰੇ ਤਕਰੀਬਨ 50% ਅੰਤਰਰਾਸ਼ਟਰੀ ਵਿੱਦਿਆਰਥੀ ਚੀਨ ਅਤੇ ਭਾਰਤ ਤੋਂ ਆਉਂਦੇ ਹਨ ਇਨ੍ਹਾਂ ਵਿੱਚੋਂ ਬਹੁਤੇ ਵਿੱਦਿਆਰਥੀ ਵੱਡੇ ਸ਼ਹਿਰਾਂ ਜਿਵੇਂ ਟੋਰਾਂਟੋ, ਵੈਨਕੁਵਰ, ਕੈਲਗਰੀ ਵਿੱਚ ਹੀ ਜਾਂਦੇ ਹਨ। ਸਰਕਾਰ ਦਾ ਟੀਚਾ ਹੈ ਕਿ ਇਨ੍ਹਾਂ ਦੇਸ਼ਾਂ ਦੇ ਨਾਲ ਨਾਲ ਹੋਰ ਦੇਸ਼ਾਂ ਤੋਂ ਵੀ ਵਧੇਰੇ ਅੰਤਰਰਾਸ਼ਟਰੀ ਵਿੱਦਿਆਰਥੀ ਸੱਦੇ ਜਾਣ, ਜਿਸ ਨਾਲ ਕੈਨੇਡਾ ਵਿੱਚ ਡਾਈਵਰਸਿਟੀ ਵੱਧ ਸਕੇ। ਇਸ ਦੇ ਨਾਲ ਇਹ ਵੀ ਦੇਖਿਆ ਜਾਵੇਗਾ ਕਿ ਇਨ੍ਹਾਂ ਅੰਤਰਰਾਸ਼ਟਰੀ ਵਿੱਦਿਆਰਥੀਆਂ ਨੂੰ ਕੈਨੇਡਾ ਵਿੱਚ ਕਿੱਥੇ ਪੜ੍ਹਨ ਲਈ ਸੱਦਿਆ ਜਾਵੇ ਖ਼ਾਸ ਕਰਕੇ ਉਨ੍ਹਾਂ ਸ਼ਹਿਰਾਂ ਵਿੱਚ ਜਿੱਥੇ ਇਮੀਗਰਾਂਟ ਘੱਟ ਰਹਿੰਦੇ ਹਨ। ਜਿਨ੍ਹਾਂ ਯੂਨੀਵਰਸਿਟੀਜ਼ ਵਿੱਚ ਅੰਤਰਰਾਸ਼ਟਰੀ ਵਿੱਦਿਆਰਥੀਆਂ ਨੂੰ ਸੱਦਿਆ ਜਾਵੇਗਾ ਉਨ੍ਹਾਂ ਵਿੱਚ ਦੁਨੀਆ ਪੱਧਰ ਤੇ ਮਸ਼ਹੂਰ ਮੌਟਰੀਅਲ ਦੀ ਮੈਕਗਿੱਲ ਯੂਨੀਵਰਸਿਟੀ, ਟੋਰਾਂਟੋ ਯੂਨੀਵਰਸਿਟੀ ਇਹ ਦੋਵੇਂ ਯੂਨੀਵਰਸਿਟੀਜ਼ ਅੰਤਰਰਾਸ਼ਟਰੀ ਵਿੱਦਿਆਰਥੀਆਂ ਲਈ ਮੱੁਖ ਕੇਂਦਰ ਬਿੰਦੂ ਰਹੀਆਂ ਹਨ। ਇਨ੍ਹਾਂ ਤੋਂ ਇਲਾਵਾ ਹੋਰ ਛੋਟੀਆਂ ਯੂਨੀਵਰਸਿਟੀਜ਼ ਵਿੱਚ ਅਲਬਰਟਾ ਦੇ ਲੇਥਬਰਿੱਜ ਸ਼ਹਿਰ ਦੀ ਲੇਥਬਰਿੱਜ ਯੂਨੀਵਰਸਿਟੀ, ਕੈਮਲੂਪਸ ਦੀ ਥੌਮਸਨ ਰਿਵਰ ਯੂਨੀਵਰਸਿਟੀ ਆਦਿ ਸ਼ਾਮਿਲ ਹਨ।
ਅੰਤਰਰਾਸ਼ਟਰੀ ਟਰੇਡ ਡਾਈਵਰਸੀਫਿਕੇਸ਼ਨ ਮੰਤਰੀ ਜੇਮਜ਼ ਕਾਰ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿੱਦਿਆਰਥੀ ਕੈਨੇਡਾ ਵਿੱਚ ਨਵੀਂ ਵਿਚਾਰ ਲੈਕੇ ਆਉਂਦੇ ਹਨ ਅਤੇ ਇੱਕ ਦੂਜੇ ਭਾਈਚਾਰੇ ਨਾਲ ਸਾਂਝ ਵੀ ਵਧਾਉਂਦੇ ਹਨ। ਇਹ ਅੰਤਰਰਾਸ਼ਟਰੀ ਵਿੱਦਿਆਰਥੀ ਕੈਨੇਡਾ ਦੀ ਅਰਥਵਿਵਸਥਾ ਵਿੱਚ ਵੀ ਅਹਿਮ ਯੋਗਦਾਨ ਪਾਉਂਦੇ ਹਨ। ਇਨ੍ਹਾਂ ਵਿੱਚੋਂ ਜਿਹੜੇ ਆਪਣੇ ਦੇਸ਼ ਵਾਪਸ ਵੀ ਚਲੇ ਜਾਂਦੇ ਹਨ ਉਹ ਜਿ਼ੰਦਗੀ ਭਰ ਲਈ ਉੱਥੇ ਕੈਨੇਡਾ ਦੇ ਦੂਤ ਵਜੋਂ ਵਿਚਰਦੇ ਹਨ। ਇਸ ਤੋਂ ਇਲਾਵਾ ਸਰਕਾਰ $100 ਮਿਲੀਅਨ ਉਨ੍ਹਾਂ ਕੈਨੇਡੀਅਨ ਲਈ ਖਰਚੇਗੀ ਜਿਹੜੇ ਹੋਰ ਦੇਸ਼ਾਂ ਵਿੱਚ ਜਾਕੇ ਪੜ੍ਹਨਾ ਚਾਹੁੰਦੇ ਹਨ ਜਿਨ੍ਹਾਂ ਨੂੰ ਪਹਿਲਾਂ ਇਸ ਤਰ੍ਹਾਂ ਦਾ ਮੌਕਾ ਨਹੀਂ ਮਿਲ ਸਕਿਆ ਇਨ੍ਹਾਂ ਵਿੱਚ ਮੂਲਵਾਦੀ ਲੋਕ, ਘੱਟ ਆਮਦਨ ਵਾਲੇ ਪਰਿਵਾਰ ਅਤੇ ਡਿਸਏਬਲ ਲੋਕ ਸ਼ਾਮਿਲ ਹਨ।
ਇਮੀਗਰੇਸ਼ਨ ਮੰਤਰੀ ਅਹਿਮਦ ਹੂਸੈਨ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿੱਦਿਆਰਥੀ ਪੀਆਰ ਲਈ ਬਹੁਤ ਵਧੀਆ ਉਮੀਦਵਾਰ ਹਨ। ਕੈਨੇਡਾ ਅੰਗ੍ਰੇਜ਼ੀ ਅਤੇ ਫ੍ਰੈਚ ਵਿੱਚ ਪੜ੍ਹਾਈ ਦਾ ਵਧੀਆ ਸਿਸਟਮ ਇਨ੍ਹਾਂ ਅੰਤਰਰਾਸ਼ਟਰੀ ਵਿੱਦਿਆਰਥੀਆਂ ਲਈ ਖਿੱਚ ਦਾ ਕੇਂਦਰ ਹੈ। ਜਿੱਥੇ ਉਹ ਆਪਣਾ ਵਧੀਆ ਭਵਿੱਖ ਬਣਾ ਸਕਦੇ ਹਨ ਅਤੇ ਪੱਕੇ ਹੋ ਸਕਦੇ ਹਨ।