ਮੁੰਬਈ: ਅਦਾਕਾਰਾ ਕੈਟਰੀਨਾ ਕੈਫ਼ ਨੇ ਆਪਣੇ ਪ੍ਰਸ਼ੰਸਕਾਂ ਨੂੰ ਜਨਮ ਦਿਨ ਦਾ ਤੋਹਫ਼ਾ ਦਿੰਦਿਆਂ ਆਪਣੀ ਫਿਲਮ ‘ਮੈਰੀ ਕ੍ਰਿਸਮਸ’ ਦੀ ਰਿਲੀਜ਼ ਮਿਤੀ ਸਾਂਝੀ ਕੀਤੀ ਹੈ। ਇਸ ਸਬੰਧੀ ਟਿਪਸ ਫਿਲਮਜ਼ ਵੱਲੋਂ ਵੀ ਇੰਸਟਾਗ੍ਰਾਮ ’ਤੇ ਕੈਟਰੀਨਾ ਕੈਫ਼ ਤੇ ਵਿਜੈ ਸੇਤੂਪਤੀ ਦੀ ਫਿਲਮ ਦਾ ਪੋਸਟਰ ਤੇ ਰਿਲੀਜ਼ ਮਿਤੀ ਸਾਂਝੀ ਕੀਤੀ ਹੈ। ਇਹ ਪੋਸਟਰ ਸਾਂਝਾ ਕਰਦਿਆਂ ਉਨ੍ਹਾਂ ਕਿਹਾ, ‘ਅਸੀਂ ਕ੍ਰਿਸਮਸ ਦੇ ਖੂਬਸੂਰਤ ਮੌਕੇ ਦੀ ਉਡੀਕ ਕਰ ਰਹੇ ਹਾਂ। ‘ਮੈਰੀ ਕ੍ਰਿਸਮਸ’ ਤੁਹਾਡੇ ਨੇੜਲੇ ਸਿਨੇਮਾਘਰਾਂ ਵਿੱਚ 15 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਟਿਪਸ ਫਿਲਮਜ਼ ਤੇ ਮੈਚਬਾਕਸ ਪਿਕਚਰਜ਼ ਦੀ ਪੇਸ਼ਕਸ਼ ਹੈ, ਜਿਸ ਦਾ ਨਿਰਦੇਸ਼ਨ ਸ੍ਰੀਰਾਮ ਰਾਘਵਨ ਨੇ ਕੀਤਾ ਹੈ। ਜ਼ਿਕਰਯੋਗ ਹੈ ਕਿ ਰਾਘਵਨ ਇਸ ਤੋਂ ਪਹਿਲਾਂ ‘ਜੌਹਨੀ ਗੱਦਾਰ’, ‘ਬਦਲਾਪੁਰ’ ਤੇ ‘ਅੰਧਾਧੁਨ’ ਦਾ ਨਿਰਦੇਸ਼ਨ ਕਰ ਚੁੱਕੇ ਹਨ। ਨਿਰਦੇਸ਼ਕ ਦਾ ਦਾਅਵਾ ਹੈ ਕਿ ਉਸ ਦੀ ਇਹ ਫਿਲਮ ਓਨੀ ਹੀ ਵੱਖਰੀ ਤੇ ਦਿਲਚਸਪ ਹੋਵੇਗੀ, ਜਿੰਨੀਆਂ ਉਸ ਦੀਆਂ ਪਹਿਲੀਆਂ ਫਿਲਮਾਂ ਸਨ। ਹਿੰਦੀ ਭਾਸ਼ਾ ਵਿੱਚ ਤਿਆਰ ਹੋ ਰਹੀ ਇਸ ਫਿਲਮ ਵਿੱਚ ਸੰਜੈ ਕਪੂਰ, ਵਿਨੈ ਪਾਠਕ, ਪ੍ਰਤਿਮਾ ਕੰਨਨ ਤੇ ਟੀਨੂ ਆਨੰਦ ਜਦਕਿ ਤਾਮਿਲ ਭਾਸ਼ਾ ਵਿੱਚ ਤਿਆਰ ਹੋਣ ਵਾਲੀ ਫਿਲਮ ਵਿੱਚ ਰਾਧਿਕਾ ਸ਼ਰਤਕੁਮਾਰ, ਸ਼ਾਂਮੁਗਰਾਜਾ, ਦੇਵਿਨ ਜਯ ਬਾਬੂ ਤੇ ਰਾਜ਼ੇਸ਼ ਵਿਲੀਅਮਜ਼ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ।