ਮੁੰਬਈ, 14 ਜੂਨ
‘ਤਿਤਲੀ ਉੜੀ’ ਗੀਤ ਨਾਲ ਮਸ਼ਹੂਰ ਹੋਈ ਪਿੱਠਵਰਤੀ ਗਾਇਕਾ ਸ਼ਾਰਦਾ ਦਾ ਅੱਜ ਕੈਂਸਰ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੀ ਧੀ ਸੁਧਾ ਮਦੇਰੀਆ ਨੇ ਦੱਸਿਆ ਕਿ ਉਹ 89 ਵਰ੍ਹਿਆਂ ਦੇ ਸਨ। ਉਨ੍ਹਾਂ ਨੇ ਘਰ ’ਚ ਹੀ ਸਵੇਰੇ ਦਮ ਤੋੜ ਦਿੱਤਾ। ਉਹ ਛੇ ਕੁ ਮਹੀਨਿਆਂ ਤੋਂ ਇਲਾਜ ਅਧੀਨ ਸਨ।
ਮਦੇਰੀਆ ਨੇ ਆਪਣੀ ਮਾਤਾ ਦੇ ਦੇਹਾਂਤ ਦੀ ਖਬਰ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ। ਪੋਸਟ ਰਾਹੀਂ ਉਨ੍ਹਾਂ ਕਿਹਾ, ‘ਦੁਖੀ ਹਿਰਦੇ ਨਾਲ ਮੈਂ ਤੇ ਮੇਰਾ ਭਰਾ ਸ਼ਮੀ ਰਾਜਨ ਸਭ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਮਾਂ, ਪਿੱਠਵਰਤੀ ਗਾਇਕਾ ਸ਼ਾਰਦਾ ਰਾਜਨ ਕੈਂਸਰ ਦੀ ਜੰਗ ਹਾਰ ਗਏ ਹਨ।’
ਜ਼ਿਕਰਯੋਗ ਹੈ ਕਿ ਸ਼ਾਰਦਾ ਹਿੰਦੀ ਸੰਗੀਤ ਇੰਡਸਟਰੀ ਵਿੱਚ 1960 ਤੇ 1970 ਦੇ ਦੌਰ ਵਿੱਚ ਸਰਗਰਮ ਰਹੀ। ਉਨ੍ਹਾਂ ਦਾ 1966 ਦੀ ਫਿਲਮ ‘ਸੂਰਜ’ ਦਾ ਗਾਣਾ ‘ਤਿਤਲੀ ਉੜੀ’ ਕਾਫੀ ਮਸ਼ਹੂਰ ਹੋਇਆ ਸੀ। ਉਨ੍ਹਾਂ ਨੇ ‘ਜਹਾਂ ਪਿਆਰ ਮਿਲੇ’ (1970) ਫਿਲਮ ਵਿੱਚ ਹੈਲਨ ’ਤੇ ਫਿਲਮਾਏ ਗੀਤ ‘ਬਾਤ ਜ਼ਰਾ ਹੈ ਆਪਸ ਕੀ’ ਲਈ ਬਿਹਤਰੀਨ ਪਿੱਠਵਰਤੀ ਗਾਇਕਾ ਵੱਜੋਂ ਫਿਲਮਫੇਅਰ ਐਵਾਰਡ ਵੀ ਜਿੱਤਿਆ ਸੀ। ਉਨ੍ਹਾਂ ਦੇ ਹੋਰ ਗਾਣਿਆਂ ਵਿੱਚ ‘ਲੇ ਜਾ ਲੇ ਜਾ ਮੇਰਾ ਦਿਲ’ (ਐਨ ਈਵਨਿੰਗ ਇਨ ਪੈਰਿਸ), ‘ਏ ਆਏਗਾ ਕੌਨ ਯਹਾਂ’ (ਗੁਮਨਾਮ), ‘ਮਸਤੀ ਔਰ ਜਵਾਨੀ ਹੋ ਉਮਰ ਬੜੀ ਮਸਤਾਨੀ ਹੋ’ (ਦਿਲ ਦੌਲਤ ਦੁਨੀਆ) ਅਤੇ ‘ਤੁਮ ਪਿਆਰ ਸੇ ਦੇਖੋ’ (ਸਪਨੋਂ ਕਾ ਸੌਦਾਗਰ) ਸ਼ਾਮਲ ਹਨ।