ਰਾਏਪੁਰ, 20 ਅਗਸਤ
ਕਾਂਗਰਸ ਸ਼ਾਸਿਤ ਸੂਬੇ ਛੱਤੀਸਗੜ੍ਹ ’ਚ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ 10 ਗਾਰੰਟੀਆਂ ਦਾ ਐਲਾਨ ਕੀਤਾ ਹੈ। ਇਨ੍ਹਾਂ ’ਚ ਮੁਫ਼ਤ ਬਿਜਲੀ, ਔਰਤਾਂ ਲਈ ਮਾਸਿਕ ਸੰਮਾਨ ਰਾਸ਼ੀ ਅਤੇ ਬੇਰੁਜ਼ਗਾਰਾਂ ਲਈ 3 ਹਜ਼ਾਰ ਮਾਸਿਕ ਭੱਤਾ ਦੇਣਾ ਆਦਿ ਵਾਅਦੇ ਸ਼ਾਮਲ ਹਨ। ‘ਆਪ’ ਵਰਕਰਾਂ ਦੀ ਇਥੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀਆਂ ਦਿੱਲੀ ਅਤੇ ਪੰਜਾਬ ’ਚ ਸਰਕਾਰਾਂ ਨੇ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ ਅਤੇ ਜੇਕਰ ਉਹ ਛੱਤੀਸਗੜ੍ਹ ’ਚ ਸੱਤਾ ’ਚ ਆਏ ਤਾਂ ਉਹੋ ਗਾਰੰਟੀਆਂ ਇਥੇ ਵੀ ਪੂਰੀਆਂ ਕੀਤੀਆਂ ਜਾਣਗੀਆਂ। ‘ਅੱਜ ਮੈਂ ਤੁਹਾਨੂੰ 10 ਗਾਰੰਟੀਆਂ ਦੇ ਰਿਹਾ ਹਾਂ ਜੋ ਝੂਠੇ ਚੋਣ ਮਨੋਰਥ ਪੱਤਰ ਜਾਂ ਸੰਕਲਪ ਪੱਤਰ ਨਹੀਂ ਹਨ। ਕੇਜਰੀਵਾਲ ਇਹ ਵਾਅਦੇ ਜ਼ਰੂਰ ਪੂਰੇ ਕਰੇਗਾ।’ ਉਨ੍ਹਾਂ ਕਿਹਾ ਕਿ ਹਰੇਕ ਘਰ ਨੂੰ 24 ਘੰਟੇ 300 ਯੂਨਿਟ ਮੁਫ਼ਤ ਬਿਜਲੀ, ਨਵੰਬਰ 2023 ਤੱਕ ਦੇ ਬਕਾਇਆ ਪਏ ਬਿਜਲੀ ਬਿੱਲ ਮੁਆਫ਼ ਕੀਤੇ ਜਾਣਗੇ ਅਤੇ ਸਕੂਲੀ ਬੱਚਿਆਂ ਨੂੰ ਮੁਫ਼ਤ ਵਧੀਆ ਸਿੱਖਿਆ ਦਿੱਤੀ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਂਗ ਛੱਤੀਸਗੜ੍ਹ ਦੇ ਹਰੇਕ ਨਾਗਰਿਕ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ ਅਤੇ ਹਰੇਕ ਪਿੰਡ ਤੇ ਸ਼ਹਿਰਾਂ ਦੇ ਵਾਰਡਾਂ ’ਚ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ। ਸੀਨੀਅਰ ਸਿਟੀਜ਼ਨਸ ਨੂੰ ਤੀਰਥ ਸਥਾਨਾਂ ਦੀ ਮੁਫ਼ਤ ’ਚ ਯਾਤਰਾ ਕਰਵਾਈ ਜਾਵੇਗੀ, ਛੱਤੀਸਗੜ੍ਹ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਇਆ ਜਾਵੇਗਾ, ਪੁਲੀਸ ਅਤੇ ਫ਼ੌਜੀ ਜਵਾਨਾਂ ਦੇ ਸ਼ਹੀਦ ਹੋਣ ’ਤੇ ਵਾਰਿਸਾਂ ਨੂੰ ਇਕ-ਇਕ ਕਰੋੜ ਰੁਪਏ ਦਿੱਤਾ ਜਾਵੇਗਾ ਅਤੇ ਠੇਕੇ ’ਤੇ ਕੰਮ ਕਰ ਰਹੇ ਵਰਕਰਾਂ ਨੂੰ ਪੱਕਾ ਕੀਤਾ ਜਾਵੇਗਾ।
ਕੇਜਰੀਵਾਲ ਨੇ ਕਿਹਾ ਕਿ 10ਵੀਂ ਗਾਰੰਟੀ ਕਿਸਾਨਾਂ ਅਤੇ ਆਦਿਵਾਸੀਆਂ ਬਾਰੇ ਹੈ ਜਿਸ ਦਾ ਖ਼ੁਲਾਸਾ ਉਹ ਆਪਣੇ ਅਗਲੇ ਦੌਰੇ ਮੌਕੇ ਕਰਨਗੇ। ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਭਾਰਤੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ‘ਇਸ ਤੋਂ ਪਹਿਲਾਂ ਸਿਆਸੀ ਪਾਰਟੀਆਂ ਜਿੱਥੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਦੀਆਂ ਸਨ, ਉੱਥੇ ਚੋਣ ਮਨੋਰਥ ਪੱਤਰ ਜਾਰੀ ਕਰਦੀਆਂ ਸਨ।’ ਉਨ੍ਹਾਂ ਕਿਹਾ ਕਿ ਇਹ ਮੈਨੀਫੈਸਟੋ ਝੂਠ ਨਾਲ ਭਰੇ ਹੋਏ ਹੁੰਦੇ ਹਨ ਪਰ ਕੇਜਰੀਵਾਲ ਗਾਰੰਟੀ ਦਿੰਦੇ ਹਨ। ਇਸ ਲਈ ਇਹ ‘ਗਾਰੰਟੀ ਕਾਰਡ’ ਹਨ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਪੰਜਾਬ ਵਿੱਚ ‘ਆਪ’ ਸਰਕਾਰਾਂ ਪਹਿਲਾਂ ਹੀ ਇਨ੍ਹਾਂ ਗਾਰੰਟੀਆਂ ਨੂੰ ਪੂਰਾ ਕਰ ਚੁੱਕੀਆਂ ਹਨ। ਮਾਨ ਨੇ ਕਿਹਾ,‘‘ਜਦੋਂ ਅਸੀਂ ਮੁਫ਼ਤ ਬਿਜਲੀ, ਸਿੱਖਿਆ ਅਤੇ ਇਲਾਜ ਵਰਗੀਆਂ ਗਾਰੰਟੀਆਂ ਦਿੰਦੇ ਹਾਂ ਤਾਂ ਸਾਹਿਬ (ਨਰਿੰਦਰ ਮੋਦੀ) ਕਹਿੰਦੇ ਹਨ ਕਿ ਇਹ ‘ਰਿਉੜੀ’ ਹੈ ਪਰ ਅਸੀਂ ਜਾਣਨਾ ਚਾਹੁੰਦੇ ਹਾਂ ਕਿ ‘15 ਲੱਖ ਵਾਲਾ ਪਾਪੜ’ ਕਿੱਥੇ ਹੈ।’’ ਉਨ੍ਹਾਂ ਆਪਣੇ ਅੰਦਾਜ਼ ’ਚ ਮੋਦੀ ਨੂੰ ਘੇਰਦਿਆਂ ਕਿਹਾ,‘‘15 ਲੱਖ ਲਿਖਦੇ ਸਿਆਹੀ ਸੁੱਕ ਜਾਂਦੀ ਹੈ, ਕਾਲੇ ਧਨ ਦੀ ਗੱਲ ਕਰਦਾ ਹਾਂ ਤਾਂ ਕਲਮ ਰੁਕ ਜਾਂਦੀ ਹੈ। ਹਰ ਗੱਲ ਹੀ ਜੁਮਲਾ ਨਿਕਲੀ, ਹੁਣ ਤਾਂ ਇਹ ਵੀ ਸ਼ੱਕ ਹੈ ਕਿ ਚਾਹ ਬਣਾਉਦੀ ਆਉਂਦੀ ਹੈ।’’ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਭੇਲ, ਐੱਲਆਈਸੀ, ਰੇਲ, ਹਵਾਈ ਅੱਡੇ ਵੇਚ ਕੇ ਵਿਧਾਇਕਾਂ ਅਤੇ ਮੀਡੀਆ ਨੂੰ ਖ਼ਰੀਦ ਲਿਆ ਹੈ। ਮਾਨ ਨੇ ਛੱਤੀਸਗੜ੍ਹ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਸੂਬੇ ਵਿੱਚ ਇਮਾਨਦਾਰ ਸਰਕਾਰ ਚੁਣਨ ਕਿਉਂਕਿ ਇੱਕ ਇਮਾਨਦਾਰ ਸਰਕਾਰ ਹੀ ਭ੍ਰਿਸ਼ਟਾਚਾਰ ਰੋਕ ਸਕਦੀ ਹੈ।