ਨਵੀਂ ਦਿੱਲੀ, 8 ਨਵੰਬਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਮੋਦੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਭਾਜਪਾ ਨੂੰ ਉਸ (ਕੇਜਰੀਵਾਲ) ਨਾਲ ਸਮੱਸਿਆ ਹੈ ਕਿਉਂਕਿ ਉਹ ਲੋਕਾਂ ਦੇ ਪਿਆਰੇ ਆਗੂ ਹਨ। ਕੇਜਰੀਵਾਲ ਨੇ ਟਵਿੱਟਰ ਅਕਾਊਂਟ ’ਤੇ ਲਿਖਿਆ, ‘ਪੰਜਾਬ ਚੋਣਾਂ ਤੋਂ ਪਹਿਲਾਂ ਪੀਐਮ ਮੋਦੀ ਨੇ ਕੇਜਰੀਵਾਲ ਨੂੰ ਅਤਿਵਾਦੀ ਕਿਹਾ ਸੀ ਤੇ ਗ੍ਰਹਿ ਮੰਤਰੀ ਨੇ ਜਾਂਚ ਦੇ ਹੁਕਮ ਦਿੱਤੇ ਸਨ, ਪਰ ਕੀ ਹੋਇਆ?’ ਉਨ੍ਹਾਂ ਲਿਖਿਆ, ‘ਹੁਣ ਗੁਜਰਾਤ/ਦਿੱਲੀ ਐੱਮਸੀਡੀ ਚੋਣਾਂ ਤੋਂ ਪਹਿਲਾਂ ਉਹ ਕਹਿ ਰਹੇ ਹਨ ਕਿ ਕੇਜਰੀਵਾਲ ਭ੍ਰਿਸ਼ਟ ਹੈ… ਜੇਕਰ ਕੇਜਰੀਵਾਲ ਅਤਿਵਾਦੀ ਜਾਂ ਭ੍ਰਿਸ਼ਟ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰੋ।’
ਇਸੇ ਤਰ੍ਹਾਂ ਦਿੱਲੀ ਦੇ ਮੁੱਖ ਮੰਤਰੀ ਨੇ ਇੱਕ ਹੋਰ ਟਵੀਟ ਵਿੱਚ ਕਿਹਾ, ‘ਕੇਜਰੀਵਾਲ ਨਾ ਤਾਂ ਅਤਿਵਾਦੀ ਹੈ ਅਤੇ ਨਾ ਹੀ ਭ੍ਰਿਸ਼ਟ… ਉਹ ਲੋਕਾਂ ਦੇ ਪਿਆਰੇ ਆਗੂ ਹਨ ਅਤੇ ਭਾਜਪਾ ਨੂੰ ਇਸ ਨਾਲ ਸਮੱਸਿਆ ਹੈ।’ ਇਸ ਤੋਂ ਪਹਿਲਾਂ ਕੇਜਰੀਵਾਲ ਨੇ ਮੋਰਬੀ ਫੁੱਟਬ੍ਰਿਜ ਦੇ ਢਹਿਣ ਬਾਰੇ ਵੀ ਗੁਜਰਾਤ ਸਰਕਾਰ ’ਤੇ ਸਵਾਲ ਉਠਾਏ ਅਤੇ ਇਹ ਜਾਣਨ ਦੀ ਮੰਗ ਕੀਤੀ ਕਿ ਇਸ ਫੁੱਟਬ੍ਰਿਜ ਦੀ ਮੁਰੰਮਤ ਕਰਨ ਵਾਲੀ ਨਿੱਜੀ ਕੰਪਨੀ ਦੇ ਮਾਲਕਾਂ ਨੂੰ ਸਬੰਧਤ ਪਰਚੇ ਵਿੱਚ ਨਾਮਜ਼ਦ ਕਿਉਂ ਨਹੀਂ ਕੀਤਾ ਗਿਆ। ਗੁਜਰਾਤ ਵਿੱਚ ਪਹਿਲੀ ਅਤੇ 5 ਦਸੰਬਰ ਨੂੰ ਦੋ ਪੜਾਵਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਨੂੰ ਤੇਜ਼ ਕਰਦੇ ਹੋਏ ਸ੍ਰੀ ਕੇਜਰੀਵਾਲ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ (ਆਪ) ਨੂੰ ਪੰਜ ਸਾਲ ਰਾਜ ਕਰਨ ਦਾ ਮੌਕਾ ਦੇਣ।