ਚੰਡੀਗੜ੍ਹ, 12 ਜਨਵਰੀ
ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਸ਼ਾਸਨ ਦੇ ‘ਪੰਜਾਬ ਮਾਡਲ’ ਲੋਕ ਅਰਪਣ ਕੀਤੇ ਜਾਣ ਤੋਂ ਕੁਝ ਘੰਟੇ ਬਾਅਦ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਉੱਪਰ ਤਿੱਖਾ ਹਮਲਾ ਕੀਤਾ। ਸਿੱਧੂ ਨੇ ਕੇਜਰੀਵਾਲ ਨੂੰ ਸਿਆਸੀ ਸੈਲਾਨ ਦੱਸ ਕੇ ਉਨ੍ਹਾਂ ਦੇ ਮਾਡਲ ਨੂੰ ‘ਨਕਲ ਦਾ ਮਾਡਲ’ ਕਰਾਰ ਦਿੱਤਾ। ਸਿੱਧੂ ਨੇ ਟਵੀਟ ਕੀਤਾ, ‘‘ਸਿਆਸੀ ਸੈਲਾਨ@ਅਰਵਿੰਦ ਕੇਜਰੀਵਾਲ ਜੋ ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਵਿੱਚੋਂ ਗੈਰਹਾਜ਼ਰ ਸੀ, ਪੰਜਾਬ ਮਾਡਲ ਰੱਖਣ ਦਾ ਦਾਅਵਾ ਕਰਦਾ ਹੈ। ‘ਆਪ’ ਦੀ ਮੁਹਿੰਮ ਤੇ ਏਜੰਡਾ ਪੰਜਾਬ ਦੇ ਲੋਕਾਂ ’ਤੇ ਇਕ ਮਜ਼ਾਕ ਹੈ। ਪੰਜਾਬ ਬਾਰੇ ਸਿਫ਼ਰ ਜਾਣਕਾਰੀ ਰੱਖਣ ਵਾਲੇ ਦਿੱਲੀ ਵਿਚ ਬੈਠੇ ਲੋਕਾਂ ਵੱਲੋਂ ਤਿਆਰ 10 ਸੂਤਰੀ ਸੂਚੀ ਕਦੇ ਪੰਜਾਬ ਮਾਡਲ ਨਹੀਂ ਹੋ ਸਕਦੀ।’’ ਕੇਜਰੀਵਾਲ ਦੇ ਪੰਜਾਬ ਮਾਡਲ ਨੂੰ ਨਕਲ ਕੀਤਾ ਹੋਇਆ ਮਾਡਲ (ਕਾਪੀ ਕੈਟ ਮਾਡਲ) ਕਰਾਰ ਦੇਣ ਤੋਂ ਇਲਾਵਾ ਸਿੱਧੂ ਨੇ ਇਸ ਨੂੰ ਹੋਰ ਵੀ ਕਈ ਨਾਂ ਦਿੱਤੇ। ਉਨ੍ਹਾਂ ਇਸ ਨੂੰ ‘ਮੈਂ ਬਹੁਤ ਅਸੁਰੱਖਿਅਤ ਮਾਡਲ’, ‘ਸ਼ਰਾਬ ਮਾਫੀਆ ਮਾਡਲ’, ‘ਟਿਕਟ ਫਾਰ ਮਨੀ ਮਾਡਲ’ ਅਤੇ ‘450 ਜੌਬਸ ਇਨ ਫਾਈਵ ਯੀਅਰ ਮਾਡਲ’ ਵੀ ਕਰਾਰ ਦਿੱਤਾ।