ਨਿਊਯਾਰਕ— ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਮਰੀਕਾ ਯੂਨਿਟ ਦੇ ਪ੍ਰਧਾਨ ਸਵਰਨਜੀਤ ਸਿੰਘ ਖਾਲਸਾ ਮੈਂਬਰ ਪਲੈਨਿੰਗ ਬੋਰਡ ਨਾਰਵਿਚ ਕਨੈਕਟੀਕਟ, ਮੈਂਬਰ ਡਿਪਾਰਟਮੈਂਟ ਆਫ ਜਸਟਿਸ ਨੇ ਜਗਮੀਤ ਸਿੰਘ ਧਾਲੀਵਾਲ ਕੈਨੇਡਾ ਦੇ ਹੱਕ ‘ਚ ਮੋਰਚਾ ਸੰਭਾਲ ਲਿਆ ਹੈ। ਉਨ੍ਹਾਂ ਨੇ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਨਵੇਂ ਨੇਤਾ ਜਗਮੀਤ ਸਿੰਘ ਧਾਲੀਵਾਲ ਐਡਵੋਕੇਟ ਨੂੰ ਵਧਾਈ ਦਿੰਦਿਆਂ ਕਿਹਾ ਕਿ ਓਂਟਾਰੀਓ ਸੂਬਾਈ ਅਸੈਂਬਲੀ ਦੇ ਬਰੈਂਪਟਨ ਹਲਕੇ ਤੋਂ ਵਿਧਾਨਕਾਰ ਜਗਮੀਤ ਸਿੰਘ ਹੁਣ 2019 ਦੀਆਂ ਕੌਮੀ ਸੰਸਦੀ ਚੋਣਾਂ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਖ਼ਿਲਾਫ਼ ਐੱਨ. ਡੀ. ਪੀ. ਦੀ ਚੋਣ ਮੁਹਿੰਮ ਦੀ ਅਗਵਾਈ ਕਰਨਗੇ।
ਉਨ੍ਹਾਂ ਮੋਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੈਨੇਡਾ ਦੀ ਸਿਆਸਤ ਵਿਚ ਜਗਮੀਤ ਸਿੰਘ ਦੇ ਉਭਾਰ ਨਾਲ ਭਾਵੇਂ ਪੂਰੇ ਸੰਸਾਰ ਵਿਚ ਜਸ਼ਨ ਮਨਾਇਆ ਜਾ ਰਿਹਾ ਹੈ ਤੇ ਮਾਨਵਵਾਦੀ ਖੁਸ਼ ਹਨ ਪਰ ਮੋਦੀ ਸਰਕਾਰ, ਭਾਜਪਾ ਤੇ ਆਰ. ਐੱਸ. ਐੱਸ. ਉਸ ਦੇ ਨਿਊ ਡੈਮੋਕ੍ਰੇਟਿਕ ਪਾਰਟੀ ਦਾ ਨੇਤਾ ਚੁਣੇ ਜਾਣ ਕਾਰਨ ਚਿੰਤਤ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਜਗਮੀਤ ਸਿੰਘ ਬਾਰੇ ਫਿਰਕੂ ਰਵੱਈਆ ਤਿਆਗਣ। ਉਨ੍ਹਾਂ ਕਿਹਾ ਕਿ ਜਗਮੀਤ ਸਿੰਘ ਨੂੰ ਭਾਰਤ ਸਰਕਾਰ ਨੇ ਦਸੰਬਰ 2013 ਵਿਚ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਵੇਲੇ ਉਹ ਓਂਟਾਰੀਓ ਵਿਚ ਪ੍ਰੋਵੈਂਸ਼ੀਅਲ ਪਾਰਲੀਮੈਂਟ ਦੇ ਮੈਂਬਰ ਸਨ। 2016 ਵਿਚ ਜਗਮੀਤ ਸਿੰਘ ਨੇ ਓਂਟਾਰੀਓ ਵਿਧਾਨ ਸਭਾ ਵਿਚ ਪ੍ਰਸਤਾਵ ਪੇਸ਼ ਕਰ ਕੇ 1984 ਦੇ ਦਿੱਲੀ ਦੰਗਿਆਂ ਨੂੰ ਨਸਲਕੁਸ਼ੀ ਕਰਾਰ ਦੇਣ ਦੀ ਮੰਗ ਕੀਤੀ ਸੀ।
ਉਨ੍ਹਾਂ ਕਿਹਾ ਕਿ ਜੋ ਲੋਕ ਜਗਮੀਤ ਸਿੰਘ ਧਾਲੀਵਾਲ ਦਾ ਵਿਰੋਧ ਕਰ ਰਹੇ ਹਨ, ਉਹ ਨਸਲਵਾਦੀ ਹਨ ਤੇ ਮਨੁੱਖਤਾ ਵਿਰੋਧੀ ਹਨ। ਸਮਾਜ ਨੂੰ ਉਹ ਜਾਤਾਂ-ਧਰਮਾਂ ਦੇ ਨਾਂ ‘ਤੇ ਵੰਡ ਕੇ ਸਮਾਜ ਵਿਚ ਨਫ਼ਰਤ ਫੈਲਾਉਣਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਫੈਸਲਾ ਕੀਤਾ ਹੈ ਕਿ ਉਹ ਮੀਡੀਆ ਤੇ ਸੰਗਤ ਸ਼ਕਤੀ ਰਾਹੀਂ ਨਸਲਵਾਦੀਆਂ ਤੇ ਭਾਰਤ ਦੇ ਹਿਟਲਰ ਦੇ ਪ੍ਰਣਾਏ ਕੱਟੜਪੰਥੀਆਂ ਦੇ ਕੂੜ ਪ੍ਰਚਾਰ ਦਾ ਠੋਕਵਾਂ ਉੱਤਰ ਦੇਣਗੇ।