ਚੰਡੀਗੜ੍ਹ, 19 ਜਨਵਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤਿਲੰਗਾਨਾ ਦੇ ਆਦਿਵਾਸੀ ਖ਼ਿੱਤੇ ’ਚ ਜਨਤਕ ਪ੍ਰੋਗਰਾਮ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਰਾਜਪਾਲ ਸੂਬਾ ਸਰਕਾਰਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕੇਂਦਰ ’ਤੇ ਦੋਸ਼ ਲਾਇਆ ਕਿ ਉਹ ਰਾਜਪਾਲਾਂ ਨੂੰ ਤੰਗ-ਪ੍ਰੇਸ਼ਾਨ ਕਰਨ ਲਈ ਆਖ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਆਪਣੇ ਅਧਿਆਪਕਾਂ ਨੂੰ ਫਿਨਲੈਂਡ ਭੇਜਣਾ ਚਾਹੁੰਦੀ ਹੈ ਪਰ ਦਿੱਲੀ ’ਚ ਲੈਫ਼ਟੀਨੈਂਟ ਗਵਰਨਰ ਇਸ ਦੀ ਪ੍ਰਵਾਨਗੀ ਨਹੀਂ ਦੇ ਰਹੇ ਹਨ। ਮੁੱਖ ਮੰਤਰੀ ਨੇ ਬਿਨਾਂ ਨਾਮ ਲਏ ਰਾਜਪਾਲਾਂ ਦੀ ਭੂਮਿਕਾ ’ਤੇ ਉਂਗਲ ਉਠਾਈ ਹੈ।
ਚੇਤੇ ਰਹੇ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਰਮਿਆਨ ਵੀ ਕਈ ਮੌਕਿਆਂ ’ਤੇ ਖਟਾਸ ਦੇੇਖਣ ਨੂੰ ਮਿਲੀ ਹੈ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਤਿਲੰਗਾਨਾ ਦੀ ਤਰਜ਼ ’ਤੇ ਪੰਜਾਬ ਸਰਕਾਰ ਵੀ ਸੂਬੇ ਵਿਚ ਜਨਤਕ ਪੱਧਰ ’ਤੇ ਅੱਖਾਂ ਦਾ ਚੈੱਕਅਪ ਪ੍ਰੋਗਰਾਮ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਕਿ ਗਿਆਨ ਦੇ ਆਪਸੀ ਤਬਾਦਲੇ ਦੇ ਉਸਾਰੂ ਨਤੀਜੇ ਨਿਕਲਦੇ ਹਨ ਅਤੇ ਜਿਸ ਤਰ੍ਹਾਂ ਤਿਲੰਗਾਨਾ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਅੱਖਾਂ ਦੇ ਚੈੱਕਅਪ ਪ੍ਰੋਗਰਾਮ ਕੀਤੇ ਜਾਂਦੇ ਹਨ, ਉਸੇ ਤਰ੍ਹਾਂ ਪੰਜਾਬ ਸਰਕਾਰ ਵੀ ਇਹ ਪ੍ਰੋਗਰਾਮ ਕਰਾਏਗੀ। ਦੱਸਣਯੋਗ ਹੈ ਕਿ ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰ ਸ਼ੇਖਰ ਰਾਓ ਵੱਲੋਂ ਅੱਜ ਤਿਲੰਗਾਨਾ ਦੇ ਜ਼ਿਲ੍ਹਾ ਖੱਮਮ ਵਿਚ ਇੱਕ ਜਨਤਕ ਮੈਡੀਕਲ ਪ੍ਰੋਗਰਾਮ ਰੱਖਿਆ ਹੋਇਆ ਸੀ ਜਿਸ ਵਿਚ ਲੋਕਾਂ ਦੀਆਂ ਅੱਖਾਂ ਦਾ ਚੈੱਕਅਪ ਅਤੇ ਐਨਕਾਂ ਦੀ ਵੱਡੇ ਪੱਧਰ ’ਤੇ ਵੰਡ ਕੀਤੀ ਗਈ। ਸਮਾਗਮਾਂ ਵਿਚ ਪੰਜਾਬ, ਕੇਰਲਾ ਅਤੇ ਦਿੱਲੀ ਦੇ ਮੁੱਖ ਮੰਤਰੀਆਂ ਨੇ ਸ਼ਮੂਲੀਅਤ ਕੀਤੀ। ਸਮਾਗਮਾਂ ’ਚ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ‘ਆਪ’ ਨੂੰ ਮਿਲੀ ਜਿੱਤ ਦੀ ਚਰਚਾ ਵੀ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਨੇ ਪੰਜਾਬ ਚੋਣਾਂ ਵਿਚ ਵੱਡੇ ਵੱਡੇ ਖ਼ਾਨਦਾਨ ਹਰਾਏ ਹਨ। ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਵਿਚ ਨਫ਼ਰਤ ਦੀ ਸਿਆਸਤ ਫੈਲਾ ਰਹੀ ਹੈ ਜਿਸ ਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਲੋੜ ਹੈ ਅਤੇ ਕਿਸਾਨ ਆਮਦਨ ਦੁੱਗਣੀ ਹੋਣ ਦੀ ਆਸ ਲਾਈ ਬੈਠੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਲੋਕਾਂ ਨੂੰ ਜੁਮਲੇ ਵੇਚ ਰਹੀ ਹੈ ਜਦੋਂ ਕਿ ਦੇਸ਼ ਵਿਚ ਮਹਿੰਗਾਈ ਤੇ ਬੇਰੁਜ਼ਗਾਰੀ ਸਿਖਰ ’ਤੇ ਹੈ। ਭਗਵੰਤ ਮਾਨ ਨੇ ਸਮਾਰੋਹਾਂ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕੰਮਾਂ ਦੀ ਵੀ ਤਾਰੀਫ਼ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਦੇਸ਼ ਵਿਚ ਜਨਤਕ ਅਦਾਰਿਆਂ ਨੂੰ ਵੇਚਣ ਦੇ ਰਾਹ ਪਈ ਹੈ ਪਰ ਇਕੱਲਾ ਮੀਡੀਆ ਹੈ ਜਿਸ ਨੂੰ ਸਰਕਾਰ ਖ਼ਰੀਦ ਰਹੀ ਹੈ। ਇਨ੍ਹਾਂ ਸਮਾਰੋਹਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵੀ ਸੰਬੋਧਨ ਕੀਤਾ।