ਨਵੀਂ ਦਿੱਲੀ, 30 ਦਸੰਬਰ

ਖੇਤੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਵਿਗਿਆਨ ਭਵਨ ਪੁੱਜ ਕਿਸਾਨ ਨੇਤਾਵਾਂ ਲਈ ਲੰਗਰ ਦਾ ਪ੍ਰਬੰਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਾ ਸੀਸ ਗੰਜ ਸਾਹਿਬ ਤੇ ਗੁਰਦੁਆਰਾ ਰਕਾਬ ਗੰਜ ਦੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ। ਪਹਿਲੀਆਂ ਮੀਟਿੰਗਾਂ ਦੌਰਾਨ ਵੀ ਗੁਰਦੁਆਰਿਆਂ ਵੱਲੋਂ ਕਿਸਾਨ ਨੇਤਾਵਾਂ ਲਈ ਲੰਗਰ ਲਗਾਇਆ ਗਿਆ ਸੀ, ਕਿਉਂਕਿ ਕਿਸਾਨ ਨੇਤਾਵਾਂ ਨੇ ਸਰਕਾਰੀ ਮਹਿਮਾਨਨਿਵਾਜ਼ੀ ਲੈਣ ਤੋਂ ਇਨਕਾਰ ਕੀਤਾ ਹੋਇਆ ਹੈ। ਇਸ ਦੌਰਾਨ ਤਿੰਨ ਕੇਂਦਰੀ ਮੰਤਰੀਆਂ ਨੇ ਕਿਸਾਨਾਂ ਨਾਲ ਲੰਗਰ ਵੀ ਛਕਿਆ। ਲੰਗਰ ਲੈ ਕੇ ਵੈਨ ਵਿਗਿਆਨ ਭਵਨ ਵਿਖੇ ਪੁੱਜੀ। ਤਕਰੀਬਨ ਦੋ ਘੰਟੇ ਚੱਲੀ ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ ਰੋਟੀ-ਪਾਣੀ ਤੇ ਚਾਹ ਲਈ ਗੱਲਬਾਤ ਕੁੱਝ ਸਮੇਂ ਲਈ ਰੋਕੀ। ਇਸ ਦੌਰਾਨ ਕਿਸਾਨ ਨੇਤਾਵਾਂ ਲਈ ਆਏ ਲੰਗਰ ਨੂੰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਖੁਰਾਕ ਅਤੇ ਰੇਲਵੇ ਮੰਤਰੀ ਪੀਯੂਸ਼ ਗੋਇਲ ਅਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਛਕਿਆ।