ਚੰਡੀਗੜ੍ਹ, 17 ਮਈ
ਪੰਜਾਬ ਦੇ ਸਭ ਤੋਂ ਵੱਡੇ ਰਾਜਸੀ ਪਰਿਵਾਰ ਦੀ ‘ਸ਼ਰੀਕੇਬਾਜ਼ੀ’ ਦਾ ਅਸਰ ਹੁਣ ਸਰਕਾਰੀ ਕੰਮਾਂ ’ਤੇ ਵੀ ਹੋਣ ਲੱਗ ਪਿਆ ਹੈ। ਸੂਬੇ ਵਿੱਚ ਤਿੰਨ ਵੱਡੇ ਸੜਕ ਪ੍ਰੋਜੈਕਟਾਂ ਦੇ ਰੱਖੇ ਜਾਣ ਵਾਲੇ ਨੀਂਹ ਪੱਥਰਾਂ ਦੇ ਸਮਾਗਮ ਨੂੰ ਬਾਦਲ ਪਰਿਵਾਰ ਦੀ ਖਾਨਾਜੰਗੀ ਦਾ ਗ੍ਰਹਿਣ ਲੱਗਿਆ ਮੰਨਿਆ ਜਾ ਰਿਹਾ ਹੈ। ਉਚ ਪੱਧਰੀ ਸੂਤਰਾਂ ਦਾ ਦੱਸਣਾ ਹੈ ਕਿ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਇਸ ਸਮਾਗਮ ਤੋਂ ਪਹਿਲਾਂ ਹੀ ਪੈਦਾ ਹੋ ਰਹੇ ਬੇਲੋੜੇ ਵਿਵਾਦਾਂ ਤੋਂ ਬਚਣ ਲਈ ਪੰਜਾਬ ਫੇਰੀ ਦਾ ਪ੍ਰੋਗਰਾਮ ਰੱਦ ਕਰਨ ਵਿੱਚ ਹੀ ਭਲਾਈ ਸਮਝੀ। ਕੇਂਦਰੀ ਸੜਕੀ ਆਵਾਜਾਈ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਉਦਘਾਟਨੀ ਸਮਾਗਮ ਨੂੰ ਪਰਿਵਾਰਕ ਲੜਾਈ ਦੇ ਪ੍ਰਭਾਵ ਹੇਠ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਦੀ ਮੰਤਰੀ ਸ੍ਰੀਮਤੀ ਹਰਸਿਮਰਤ ਬਾਦਲ ਵੱਲੋਂ ਅੰਤਿਮ ਸਮੇਂ ਕਈ ਅਜਿਹੀਆਂ ਸ਼ਰਤਾਂ ਲਗਾ ਦਿੱਤੀਆਂ ਗਈਆਂ ਜਿਸ ਕਾਰਨ ਸ੍ਰੀ ਗਡਕਰੀ ਨੇ ਲੰਘੀ 14 ਮਈ ਨੂੰ ਪੰਜਾਬ ਨਾ ਆਉਣ ਦਾ ਮਨ ਬਣਾ ਲਿਆ। ਸੂਤਰਾਂ ਦਾ ਦੱਸਣਾ ਹੈ ਕਿ ਬਠਿੰਡਾ ’ਚ ਹੋਣ ਵਾਲੇ ਸਰਕਾਰੀ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਵੀ ਬੋਲਬਾਲਾ ਬਾਦਲ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਰੜਕਦਾ ਸੀ। ਇਸ ਕਰ ਕੇ ਵਿੱਤ ਮੰਤਰੀ ਜੋ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਵੀ ਕਰਦੇ ਹਨ, ਨੂੰ ਲਾਂਭੇ ਰੱਖਣ ਦੇ ਯਤਨ ਕੀਤੇ ਜਾ ਰਹੇ ਸਨ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਸੜਕੀ ਪ੍ਰਾਜੈਕਟਾਂ ਦੇ ਨੀਂਹ ਪੱਥਰਾਂ ਲਈ ਕੀਤੇ ਜਾਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਉਪਰ ਤਕਰੀਬਨ 50 ਲੱਖ ਖ਼ਰਚ ਕਰ ਦਿੱਤੇ ਸਨ।
ਕੇਂਦਰੀ ਸੜਕੀ ਆਵਾਜਾਈ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਿਸ ਵੀ ਖੇਤਰ ਵਿੱਚ ਨੀਂਹ ਪੱਥਰ ਰੱਖਣ ਦਾ ਪ੍ਰੋਰਗਾਮ ਹੁੰਦਾ ਹੈ ਤਾਂ ਉਸ ਖੇਤਰ ਦੇ ਸੰਸਦ ਮੈਂਬਰ ਅਤੇ ਵਿਧਾਇਕ ਦਾ ਨਾਮ ਨੀਂਹ ਪੱਥਰ, ਸੱਦਾ ਪੱਤਰਾਂ, ਬੈਨਰਾਂ ਅਤੇ ਅਖ਼ਬਾਰਾਂ ਵਿੱਚ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ’ਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਬਠਿੰਡਾ ਸੰਸਦੀ ਹਲਕੇ ਦੀ ਨੁਮਾਇੰਦਗੀ ਕਿਉਂਕਿ ਹਰਸਿਮਰਤ ਕੌਰ ਬਾਦਲ ਕਰਦੇ ਹਨ। ਇਸ ਲਈ ਦੋਹਾਂ ਥਾਵਾਂ ’ਤੇ ਬੀਬੀ ਬਾਦਲ ਦਾ ਨਾਮ ਛਪਣਾ ਹੀ ਸੀ ਪਰ ਬਠਿੰਡਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਦੇ ਨਾਮ ਨੂੰ ਲੈ ਕੇ ਰੇੜਕਾ ਖੜ੍ਹਾ ਹੋ ਗਿਆ। ਸੂਤਰਾਂ ਦਾ ਦੱਸਣਾ ਹੈ ਕਿ ਸਿਆਸੀ ਦਬਾਅ ਕਾਰਨ ਪਹਿਲਾਂ ਤਾਂ ਮਨਪ੍ਰੀਤ ਸਿੰਘ ਬਾਦਲ ਦਾ ਨਾਮ ਨੀਂਹ ਪੱਥਰਾਂ ਤੇ ਸੱਦਾ ਪੱਤਰ ਤੋਂ ਦੂਰ ਰੱਖਿਆ ਗਿਆ ਤੇ ਅਖੀਰ ਇਹ ਰੇੜਕਾ ਖੜ੍ਹਾ ਕੀਤਾ ਗਿਆ ਕਿ ਬਠਿੰਡਾ ਸ਼ਹਿਰ ਵਿੱਚ ਹੋਣ ਵਾਲੇ ਸਮਾਗਮ ਨੂੰ ਸੀਮਤ ਕਰ ਦਿੱਤਾ ਜਾਵੇ। ਇੱਥੋਂ ਤੱਕ ਵੀ ਕਿਹਾ ਗਿਆ ਕਿ ਮੁੱਖ ਮੰਤਰੀ ਸਮੇਤ ਰਾਜ ਸਰਕਾਰ ਦਾ ਕੋਈ ਨੁਮਾਇੰਦਾ ਬਠਿੰਡਾ ਵਿੱਚ ਭਾਸ਼ਨ ਆਦਿ ਵੀ ਨਹੀਂ ਦੇਵੇਗਾ ਤੇ ਰਾਜ ਸਰਕਾਰ ਦੇ ਨੁਮਾਇੰਦਿਆਂ ਨੇ ਜੇਕਰ ਭਾਸ਼ਨ ਦੇਣਾ ਹੈ ਤਾਂ ਭੀਖੀ ਵਿੱਚ ਜਾ ਕੇ ਆਪਣਾ ਭੁੱਸ ਪੂਰਾ ਕਰ ਲੈਣ। ਸੂਤਰਾਂ ਮੁਤਾਬਕ ਇਨ੍ਹਾਂ ਵਿੱਚੋਂ ਕੁੱਝ ਸ਼ਰਤਾਂ ਨੂੰ ਰਾਜ ਸਰਕਾਰ ਨੇ ਵੀ ਪ੍ਰਵਾਨ ਨਾ ਕੀਤਾ ਤੇ ਅਖੀਰ ਰੇੜਕਾ ਚਲਦਾ ਰਹਿਣ ਕਾਰਨ ਸਹਿਮਤੀ ਨਾ ਬਣੀ। ਕੇਂਦਰੀ ਸੜਕੀ ਆਵਾਜਾਈ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਬੀਬੀ ਬਾਦਲ ਵੀ ਕਈ ਸ਼ਰਤਾਂ ਬਾਰੇ ਆਪਣੇ ਸਟੈਂਡ ’ਤੇ ਕਾਇਮ ਰਹੇ ਜਿਸ ਕਰਕੇ ਸ੍ਰੀ ਗਡਕਰੀ ਦੀ ਹਾਲਤ ਕਸੂਤੀ ਬਣ ਗਈ। ਇੰਜਨੀਅਰਾਂ ਮੁਤਾਬਕ ਬਠਿੰਡਾ ਵਿੱਚ ਸਟੇਜ ਸਥਾਪਤ ਕਰਨ ਅਤੇ ਨੀਂਹ ਪੱਥਰ ਲਈ ਹੋਰ ਸਾਜ਼ੋ-ਸਾਮਾਨ ਤੁਰੰਤ ਪੁੱਟਣ ਤੋਂ ਲੋਕ ਨਿਰਮਾਣ ਵਿਭਾਗ ਨੇ ਹੱਥ ਖੜ੍ਹੇ ਕਰ ਦਿੱਤੇ।
ਬਠਿੰਡਾ ਤੋਂ ਅੰਮ੍ਰਿਤਸਰ ਤੇ ਬਠਿੰਡਾ ਤੋਂ ਜ਼ੀਰਕਪੁਰ ਸੜਕ ਦਾ ਉਦਘਾਟਨ ਅਤੇ ਭੀਖੀ ਤੋਂ ਜਾਖਲ ਸੜਕ ਦਾ ਨੀਂਹ ਪੱਥਰ ਇੱਕੋ ਦਿਨ ਰੱਖਣ ਦਾ ਪ੍ਰੋਗਰਾਮ ਪਹਿਲਾਂ 10 ਮਈ ਅਤੇ ਫਿਰ 14 ਮਈ ਨੂੰ ਉਲੀਕਿਆ ਗਿਆ। ਸੂਤਰਾਂ ਦਾ ਦੱਸਣਾ ਹੈ ਕਿ 10 ਮਈ ਵਾਲੇ ਸਮਾਗਮ ਦੌਰਾਨ ਵੀ ਰਾਜ ਸਰਕਾਰ ਦੀ ਭੂਮਿਕਾ ਨੂੰ ਘਟਾ ਕੇ ਪੇਸ਼ ਕੀਤੇ ਜਾਣ ਕਾਰਨ ਕੇਂਦਰੀ ਸੜਕੀ ਆਵਾਜਾਈ ਮੰਤਰੀ ਤੱਕ ਗਿਲਾ ਪ੍ਰਗਟਾਇਆ ਗਿਆ ਤਾਂ ਸਮਾਗਮ 4 ਦਿਨਾਂ ਲਈ ਮੁਲਤਵੀ ਕਰ ਦਿੱਤੇ ਗਏ। ਇਸ ਸਬੰਧੀ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਸ੍ਰੀ ਗਡਕਰੀ ਨਾਲ ਫੋਨ ’ਤੇ ਗੱਲਬਾਤ ਕੀਤੀ। ਉਸ ਤੋਂ ਬਾਅਦ ਕੇਂਦਰੀ ਮੰਤਰੀ ਨੇ ਰਾਜ ਸਰਕਾਰ ਦੀ ਸਹਿਮਤੀ ਨਾਲ ਹੀ ਬਠਿੰਡਾ ਤੇ ਭੀਖੀ ਦੇ ਸਮਾਗਮਾਂ ਦਾ ਸਮਾਂ ਨਿਸ਼ਚਤ ਕੀਤਾ। ਸੂਤਰਾਂ ਦਾ ਦੱਸਣਾ ਹੈ ਕਿ ਰਾਜ ਸਰਕਾਰ ਨੇ ਨਿਤਿਨ ਗਡਕਰੀ ’ਤੇ ਇਹ ਦਬਾਅ ਬਣਾਉਣਾ ਸ਼ੁਰੂ ਕੀਤਾ ਕਿ ਸੜਕੀ ਪ੍ਰੋਜੈਕਟਾਂ ਦੇ ਨੀਂਹ ਪੱਥਰਾਂ ਦੇ ਪ੍ਰੋਗਰਾਮ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਠਿੰਡਾ ਤੇ ਭੀਖੀ ਵਿੱਚ ਕੀਤੀਆਂ ਜਾਣ ਵਾਲੀਆਂ ਰੈਲੀਆਂ ਦਾ ਪ੍ਰਛਾਵਾਂ ਨਹੀਂ ਪੈਣਾ ਚਾਹੀਦਾ। ਰਾਜ ਸਰਕਾਰ ਤੇ ਬਾਦਲ ਪਰਿਵਾਰ ਦਰਮਿਆਨ ਚਲਦੀ ਕਸ਼ਮਕਸ਼ ਕਾਰਨ ਕੇਂਦਰੀ ਮੰਤਰੀ ਨੇ ਪੰਜਾਬ ਤੋਂ ਦੂਰ ਰਹਿਣ ਵਿੱਚ ਹੀ ਭਲਾਈ ਸਮਝੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਤੋਂ ਜਦੋਂ ਇਸ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਬੀਬੀ ਜੀ ਨਾਲ ਗੱਲਬਾਤ ਕਰ ਕੇ ਕੁਝ ਦੱਸ ਸਕਣਗੇ।
ਬਾਦਲ ਪਰਿਵਾਰ ਮੈਨੂੰ ਸ਼ਰੀਕ ਹੀ ਮੰਨਦੈ: ਮਨਪ੍ਰੀਤ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਦਰਅਸਲ ਉਨ੍ਹਾਂ ਨੂੰ ਰਾਜਸੀ ਵਿਰੋਧੀ ਦੀ ਥਾਂ ਸ਼ਰੀਕ ਹੀ ਮੰਨਦੇ ਹਨ ਤੇ ਇਸ ਤਰ੍ਹਾਂ ਦੀ ਰਾਜਨੀਤੀ ਕੋਈ ਚੰਗੀ ਨਹੀਂ ਕਹੀ ਜਾ ਸਕਦੀ। ਉਨ੍ਹਾਂ ਕਿਹਾ ਕਿ ਰਾਜਨੀਤੀ ਕੋਈ ਕੁਸ਼ਤੀ ਨਹੀਂ ਇਹ ਤਾਂ ਮੁੱਦਿਆਂ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਬਾਦਲ ਜੋੜੀ ਵੱਲੋਂ ਅਖਤਿਆਰ ਕੀਤਾ ਗਿਆ ਰਵੱਈਆ ਰਾਜਸੀ ਤੌਰ ’ਤੇ ਸਮਝ ਤੋਂ ਬਾਹਰ ਹੀ ਮੰਨਿਆ ਜਾ ਸਕਦਾ ਹੈ।