ਮੁਹਾਲੀ ਦੇ ਫੇਜ਼-3-ਏ ਵਿਚ ਇੱਕ ਵਿਅਕਤੀ ਨੇ ਟਿਊਸ਼ਨ ਤੋਂ ਘਰ ਵਾਪਸ ਆ ਰਹੇ 5 ਸਾਲਾ ਮਾਸੂਮ ਬੱਚੇ ਨੂੰ ਕਥਿਤ ਤੌਰ ’ਤੇ 8 ਤੋਂ 10 ਵਾਰ ਥੱਪੜ ਮਾਰੇ ਅਤੇ ਫਿਰ ਜ਼ਮੀਨ ’ਤੇ ਧੱਕਾ ਦੇ ਕੇ ਸੁੱਟ ਦਿੱਤਾ। ਇਸ ਤੋਂ ਬਾਅਦ ਸਖਸ਼ ਨੇ ਫਿਰ ਪੈਰ ਨਾਲ ਬੱਚੇ ਦੀ ਛਾਤੀ ‘ਤੇ ਹਮਲਾ ਕਰ ਦਿੱਤਾ।
ਜਾਣਕਾਰੀ ਅਨੁਸਾਰ ਬੱਚਾ ਟਿਊਸ਼ਨ ਤੋਂ ਆਪਣੇ ਸਾਥੀਆਂ ਨਾਲ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਇੱਕ ਸਖਸ਼ ਆਪਣਾ ਕੁੱਤਾ ਲੈ ਕੇ ਸੜਕ ਉਤੇ ਖੜਾ ਸੀ। ਬੱਚਾ ਕੁੱਤੇ ਦੀ ਨਕਲ ਕਰਨ ਲੱਗਾ। ਇਹ ਵੇਖ ਕੇ ਸਖਸ਼ ਨੂੰ ਲੱਗਾ ਕਿ ਉਹ ਮੇਰੇ ਵੱਲ ਵੇਖ ਕੇ ਨਕਲ ਕਰ ਰਿਹਾ ਹੈ ਅਤੇ ਉਸ ਨੇ ਗੁੱਸੇ ਵਿਚ ਆ ਕੇ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ।
ਬੱਚੇ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ ਇਹ ਮਾਮਲਾ 29 ਅਗਸਤ ਦਾ ਹੈ। ਪਰ ਇਹ ਵੀਡੀਓ ਹੈਲਦੀ ਨੇਬਰਹੁੱਡ ਆਰਗੇਨਾਈਜੇਸ਼ਨ ਨੂੰ 29 ਸਤੰਬਰ ਨੂੰ ਮਿਲੀ ਸੀ, ਜਿਸ ਤੋਂ ਬਾਅਦ ਨਗਰ ਨਿਗਮ ਦੀ ਦਖਲਅੰਦਾਜ਼ੀ ਤੋਂ ਬਾਅਦ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰਨ ਲਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ।
ਦੱਸ ਦੇਈਏ ਕਿ ਆਰੋਪੀ ਨੌਜਵਾਨ ਦੇ ਮਾਤਾ-ਪਿਤਾ ਦੋਵੇਂ ਸੇਵਾਮੁਕਤ ਡਾਕਟਰ ਹਨ ਅਤੇ ਆਸ-ਪਾਸ ਕਿਸੇ ਨਾਲ ਮੇਲ-ਜੋਲ ਨਹੀਂ ਰੱਖਦੇ, ਹਰ ਕਿਸੇ ਨਾਲ ਲੜਾਈ ਝਗੜਾ ਕਰਦੇ ਰਹਿੰਦੇ ਹਨ। ਗੁਆਂਢੀਆਂ ਨੇ ਦੱਸਿਆ ਕਿ ਸਾਡੇ ਸੀਸੀਟੀਵੀ ਫੁਟੇਜ ਕੱਢੀ ਗਈ ਹੈ, ਜਿਸ ਵਿਚ ਸਖਸ਼ ਬੱਚੇ ਨੂੰ ਬੇਰਹਿਮੀ ਨਾਲ ਕੁੱਟ ਰਿਹਾ ਹੈ।
ਇਸ ਮਾਮਲੇ ’ਚ ਜਾਣਕਾਰੀ ਦਿੰਦੇ ਹੋਏ ਥਾਣਾ ਮਟੌਰ ਦੇ ਇੰਚਾਰਜ ਅਮਨਦੀਪ ਸਿੰਘ ਤਰੀਖਾ ਨੇ ਦੱਸਿਆ ਕਿ ਸਾਨੂੰ ਅਮਰੀਕ ਸਿੰਘ ਅਤੇ ਇਲਾਕਾ ਵਾਸੀਆਂ ਵੱਲੋਂ ਸ਼ਿਕਾਇਤ ਮਿਲਣ ‘ਤੇ ਸੀ.ਸੀ.ਟੀ.ਵੀ. ਸਮੇਤ ਮਾਮਲਾ ਦਰਜ ਕਰ ਲਿਆ ਗਿਆ ਹੈ। ਸੀਸੀਟੀਵੀ ਕਬਜੇ ਵਿੱਚ ਲੈ ਕੇ ਜਾਂਚ ਪੂਰੀ ਕਰ ਲਵਾਂਗੇ ਹਾਲਾਂਕਿ ਦੋਸ਼ੀ ਦੇ ਘਰ ਛਾਪੇਮਾਰੀ ਕੀਤੀ ਗਈ ਪਰ ਫਿਲਹਾਲ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ। 40 ਸਾਲਾ ਦੋਸ਼ੀ ਜਹਾਨ ਪ੍ਰੀਤ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।