ਪਟਿਆਲਾ, ਬਾਰ੍ਹਵੀਂ ਜਮਾਤ ਨਾਲ ਸਬੰਧਿਤ ਇੱਕ ਪੁਸਤਕ ਵਿੱਚ ਸਿੱਖ ਇਤਿਹਾਸ ਨੂੰ ਕਥਿਤ ਤੌਰ ’ਦੇ ਤੋੜ-ਮਰੋੜ ਕੇ ਪੇਸ਼ ਕਰਨ ਦੇ ਵਿਵਾਦ ਸਬੰਧੀ ਅਕਾਲੀਆਂ ’ਤੇ ਵਰ੍ਹਦਿਆਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਅੱਜ  ਇੱਥੇ ਆਖਿਆ, ‘‘ਕੁੰਜੀਆਂ ਨਾਲ ਪੜ੍ਹੇ ਅਕਾਲੀ ਜਥੇਦਾਰਾਂ ਨੂੰ ਤਾਂ ਅਜੇ ਤੱਕ ਇਹ ਹੀ ਸਮਝ ਨਹੀਂ ਆਈ ਕਿ ਟੈਕਸਟ ਬੁੱਕ ਕੀ ਹੁੰਦੀ ਹੈ ਤੇ ਗਾਈਡ ਕੀ ਹੁੰਦੀ ਹੈ।
ਉਂਜ ਵੀ ਅਕਾਲੀ ਤਾਂ ਹਮੇਸ਼ਾ ਹੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਹੀ ਆਪਣੇ ਰਾਜਸੀ ਹਿਤਾਂ ਦੀ ਪੂਰਤੀ ਕਰਦੇ ਰਹੇ ਹਨ ਤੇ ਉਹ ਹੁਣ ਵੀ ਅਜਿਹਾ ਹੀ ਕਰ ਰਹੇ ਹਨ ਕਿਉਂਕਿ ਇਨ੍ਹਾਂ ਕੋਲ ਕੋਈ ਵੀ ਸਿਆਸੀ ਮੁੱਦਾ ਨਹੀਂ ਬਚਿਆ।’’
ਇੱਥੇ ਇੱਕ ਸਮਾਗਮ ਵਿੱਚ ਪੁੱਜੇ ਸ੍ਰੀ ਜਾਖੜ ਦਾ ਕਾਂਗਰਸ ਦੀ ਸ਼ਹਿਰੀ ਇਕਾਈ  ਪਟਿਆਲਾ ਦੇ ਦਫ਼ਤਰ ਵਿੱਚ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਪੀ.ਕੇ. ਪੁਰੀ ਅਤੇ ਸੁਰਿੰਦਰਜੀਤ ਸਿੰਘ ਵਾਲੀਆ, ਲਖਵਿੰਦਰ ਸਿੰਘ ਬਾਜਵਾ ਅਤੇ ਹੋਰਾਂ ਨੇ ਸਨਮਾਨ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ  ਕਿਹਾ ਕਿ ਅਕਾਲੀ-ਭਾਜਪਾ ਦੇ ਦਸ ਸਾਲਾ ਰਾਜ ਦੌਰਾਨ ਸਿੱਖ ਪੰਥ ਅਤੇ ਸਿੱਖ ਧਰਮ ਦੀ ਜੋ ਬੇਹੁਰਮਤੀ ਹੋਈ  ਹੈ, ਉਹ ਕਿਸੇ ਤੋਂ ਛੁਪੀ  ਨਹੀਂ ਪਰ ਹੁਣ ਚੋਣ ਦੌਰਾਨ ਇਨ੍ਹਾਂ ਨੂੰ ਮੁੜ ਤੋਂ ਪੰਥ ਦੀ ਯਾਦ ਆ ਗਈ। ਸ੍ਰੀ ਜਾਖੜ ਨੇ ਕਿਹਾ ਕਿ ਸਿਲੇਬਸ ਦੇ ਇਸ ਮਸਲੇ ਨੂੰ ਸਰਕਾਰ ਵੱਲੋਂ ਮੁੜ ਤੋਂ ਘੋਖਿਆ ਜਾ ਰਿਹਾ ਹੈ ਪਰ ਅਕਾਲੀਆਂ ਦਾ ਇੱਕ ਨੁਕਾਤੀ ਏਜੰਡਾ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਰਾਜਸੀ ਲਾਹਾ ਲੈਣਾ ਹੀ ਹੈ ਜਦਕਿ ਅਸਲੀਅਤ ਇਹ ਹੈ ਕਿ ਸ਼ਾਹਕੋਟ ਦੀ ਜ਼ਿਮਨੀ ਚੋਣ ਦੌਰਾਨ ਅਕਾਲੀ ਦਲ  ਅਤੇ ‘ਆਪ’ ਉਮੀਦਵਾਰਾਂ ਦੀਆਂ ਜ਼ਮਾਨਤਾਂ ਵੀ  ਨਹੀਂ ਬਚ ਸਕਣਗੀਆਂ। ਸ਼ਾਹਕੋਟ ਤੋਂ ਕਾਂਗਰਸ ਉਮੀਦਵਾਰ ’ਤੇ ਲੱਗੇ ਦੋਸ਼ਾਂ ਸਬੰਧੀ ਸਵਾਲ ਦੇ ਜਵਾਬ ਵਿੱਚ ਜਾਖੜ ਨੇ ਇਸ ਨੂੰ ਵਿਰੋਧੀ ਧਿਰਾਂ ਦੀ ਸਾਜ਼ਿਸ਼ ਦਾ ਸਿੱਟਾ ਦੱਸਿਆ।