ਮੈਡਰਿਡ, 8 ਜੁਲਾਈ
ਭਾਰਤ ਦੀ ਸੀਨੀਅਰ ਪਹਿਲਵਾਨ ਵਿਨੇਸ਼ ਫੋਗਾਟ ਨੇ ਵਜ਼ਨ ਵਰਗ ਬਦਲਣ ਮਗਰੋਂ ਦਬਦਬੇ ਵਾਲਾ ਪ੍ਰਦਰਸ਼ਨ ਕਰਦਿਆਂ ਅੱਜ ਇੱਥੇ ਸਪੇਨ ਗ੍ਰਾਂ ਪ੍ਰੀ ਵਿੱਚ 53 ਕਿਲੋ ਵਰਗ ਵਿੱਚ ਪਹਿਲਾ ਸੋਨ ਤਗ਼ਮਾ ਜਿੱਤਿਆ, ਜਦਕਿ ਦਿਵਿਆ ਕਕਰਾਨ ਨੇ 68 ਕਿਲੋ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਸਾਲ 2020 ਟੋਕੀਓ ਓਲੰਪਿਕ ਲਈ ਭਾਰਤ ਦੇ ਤਗ਼ਮੇ ਦੇ ਦਾਅਵੇਦਾਰਾਂ ਵਿੱਚੋਂ ਇੱਕ ਵਿਨੇਸ਼ ਨਵੇਂ ਵਜ਼ਨ ਵਰਗ ਵਿੱਚ ਆਪਣਾ ਤੀਜਾ ਟੂਰਨਾਮੈਂਟ ਖੇਡ ਰਹੀ ਹੈ। ਵਿਨੇਸ਼ ਨੇ 53 ਕਿਲੋ ਵਰਗ ਵਿੱਚ ਅੱਠ ਪਹਿਲਵਾਨਾਂ ਦੇ ਡਰਾਅ ਵਿੱਚ ਆਸਾਨੀ ਨਾਲ ਪੇਰੂ ਦੀ ਜਸਟਿਨਾ ਬੈਨਿਟਸ ਅਤੇ ਰੂਸ ਦੀ ਨੀਨਾ ਮਿਨਕੇਨੋਵਾ ਨੂੰ ਹਰਾਇਆ। ਫਿਰ ਫਾਈਨਲ ਵਿੱਚ ਨੀਦਰਲੈਂਡ ਦੀ ਵਿਰੋਧੀ ਜੈਸਿਕਾ ਬਲਾਸਕਾ ਨੂੰ ਚਿੱਤ ਕੀਤਾ।
ਜਕਾਰਤਾ ਏਸ਼ਿਆਈ ਖੇਡਾਂ ਦੀ ਸੋਨ ਤਗ਼ਮਾ ਜੇਤੂ ਵਿਨੇਸ਼ ਨੇ ਏਸ਼ਿਆਈ ਚੈਂਪੀਅਨਸ਼ਿਪ ਅਤੇ ਡਾਨ ਕੋਲੋਵ ਵਿੱਚ ਹਿੱਸਾ ਲਿਆ ਸੀ, ਜਿਸ ਵਿੱਚ ਉਸ ਨੇ ਇਸ ਟੂਰਨਾਮੈਂਟ ਤੋਂ ਪਹਿਲਾਂ 53 ਕਿਲੋ ਵਿੱਚ ਕਾਂਸੀ ਅਤੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਏਸ਼ਿਆਈ ਖੇਡਾਂ ਵਿੱਚ ਕਾਂਸੀ ਜਿੱਤਣ ਵਾਲੀ ਦਿਵਿਆ ਨੇ ਆਪਣੀ ਕਾਰਗੁਜ਼ਾਰੀ ਦੌਰਾਨ ਸਿਰਫ਼ ਚਾਰ ਅੰਕ ਗੁਆਏ। ਇਸ ਭਾਰਤੀ ਪਹਿਲਵਾਨ ਨੇ ਫਾਈਨਲ ਵਿੱਚ ਪੋਲੈਂਡ ਦੀ ਐਗਨਿਸਕਾ ਵੀ ਕੋਰਡਸ ਨੂੰ ਹਰਾਇਆ।
ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਦਾ ਤਗ਼ਮਾ ਜੇਤੂ ਪੂਜਾ ਟਾਂਡਾ (57 ਕਿਲੋ) ਨੂੰ ਖ਼ਿਤਾਬੀ ਟੱਕਰ ਵਿੱਚ ਰੂਸ ਦੀ ਵੈਰੋਨਿਕਾ ਚੁਮਿਕੋਵਾ ਤੋਂ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਚਾਂਦੀ ਦਾ ਤਗ਼ਮਾ ਜਿੱਤਣ ਵਾਲੀਆਂ ਪਹਿਲਵਾਨਾਂ ਵਿੱਚ ਸੀਮਾ (50 ਕਿਲੋ), ਮੰਜੂ ਕੁਮਾਰੀ (59 ਕਿਲੋ) ਅਤੇ ਕਿਰਨ (76 ਕਿਲੋ) ਸ਼ਾਮਲ ਰਹੀਆਂ, ਜੋ ਸੋਨ ਤਗ਼ਮੇ ਦੀ ਬਾਊਟ ਵਿੱਚ ਕ੍ਰਮਵਾਰ ਪੋਲੈਂਡ ਦੀ ਇਵੋਨਾ ਮਾਤਕੋਵਸਕਾ, ਰੂਸ ਦੀ ਲਿਊਬੋਵ ਓਵਚਾਰੋਵਾ ਅਤੇ ਕੇਸਨੀਨਾ ਬੁਰਾਕੋਵਾ ਤੋਂ ਹਾਰ ਗਈਆਂ। ਸਾਕਸ਼ੀ ਮਲਿਕ ਨੇ ਮਾਮੂਲੀ ਸੱਟ ਕਾਰਨ ਟੂਰਨਾਮੈਂਟ ਤੋਂ ਹਟਣ ਦਾ ਫ਼ੈਸਲਾ ਲਿਆ। ਭਾਰਤੀ ਟੀਮ ਚੈਂਪੀਅਨਸ਼ਿਪ ਵਿੱਚ ਰੂਸ (165 ਅੰਕ) ਮੰਗਰੋਂ 130 ਅੰਕਾਂ ਨਾਲ ਦੂਜੇ ਸਥਾਨ ’ਤੇ ਰਹੀ।