ਨਵੀਂ ਦਿੱਲੀ, ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜੇਤੂ ਪਹਿਲਵਾਨ ਦੀਪਕ ਪੂਨੀਆ ਕੌਮਾਂਤਰੀ ਕੁਸ਼ਤੀ ਫੈਡਰੇਸ਼ਨ ਵੱਲੋਂ ਜਾਰੀ ਤਾਜ਼ਾ ਰੈਂਕਿੰਗ ’ਚ 86 ਕਿਲੋ ਭਾਰ ਵਰਗ ਵਿੱਚ ਦੁਨੀਆਂ ਦਾ ਨੰਬਰ ਇੱਕ ਪਹਿਲਵਾਨ ਬਣ ਗਿਆ ਹੈ ਪਰ ਬਜਰੰਗ ਪੂਨੀਆ ਨੇ 65 ਕਿਲੋ ਭਾਰ ਵਰਗ ਵਿੱਚ ਆਪਣਾ ਸਿਖਰਲਾ ਸਥਾਨ ਗੁਆ ਦਿੱਤਾ ਹੈ।
ਆਪਣੀ ਪਹਿਲੀ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ ਦੀਪਕ ਪੂਨੀਆ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਸੀ। ਉਸ ਨੂੰ ਗਿੱਟੇ ਦੀ ਸੱਟ ਕਾਰਨ ਫਾਈਨਲ ’ਚ ਇਰਾਨ ਦੇ ਪਹਿਲਵਾਨ ਹਸਨ ਯਾਜਦਾਨੀ ਖ਼ਿਲਾਫ਼ ਹਟਣ ਕਾਰਨ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ ਸੀ। ਇਸ 20 ਸਾਲਾ ਭਾਰਤੀ ਪਹਿਲਵਾਨ ਦੇ ਹੁਣ 82 ਅੰਕ ਹਨ ਅਤੇ ਉਹ ਵਿਸ਼ਵ ਚੈਂਪੀਅਨ ਯਾਜਦਾਨੀ ਤੋਂ ਚਾਰ ਅੰਕ ਅੱਗੇ ਹੈ। ਇਸ ਸਾਲ ਦੀਪਕ ਨੇ ਯਾਸਰ ਦੋਗੂ ’ਚ ਚਾਂਦੀ ਅਤੇ ਏਸ਼ਿਆਈ ਚੈਂਪੀਅਨਸ਼ਿਪ ਤੇ ਸਾਸਾਰੀ ਟੂਰਨਾਮੈਂਟ ’ਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਸੀ। ਇਸ ਤਰ੍ਹਾਂ ਉਸ ਨੂੰ ਲਗਾਤਾਰ ਚੰਗੇ ਪ੍ਰਦਰਸ਼ਨ ਦਾ ਫਾਇਦਾ ਮਿਲਿਆ।
ਬਜਰੰਗ ਪੂਨੀਆ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਦੂਜੇ ਸਥਾਨ ’ਤੇ ਖਿਸਕ ਗਿਆ। ਹਾਲਾਂਕਿ ਉਹ ਵਿਸ਼ਵ ਚੈਂਪੀਅਨਸ਼ਿਪ ’ਚ ਸਿਖਰਲੇ ਪਹਿਲਵਾਨ ਵਜੋਂ ਗਿਆ ਸੀ। 25 ਸਾਲਾ ਬਜਰੰਗ ਦੇ ਹੁਣ 63 ਅੰਕ ਹਨ। ਰੂਸ ਦੇ ਗਾਦਜਿਮੁਰਾਦ ਰਾਸ਼ੀਦੋਵ ਨੇ ਨੂਰ ਸੁਲਤਾਨ ’ਚ ਵਿਸ਼ਵ ਚੈਂਪੀਅਨਸ਼ਿਪ ’ਚ ਸੋਨ ਤਗ਼ਮਾ ਜਿੱਤਿਆ ਸੀ ਜਿਸ ਨਾਲ ਉਹ 65 ਕਿਲੋ ਭਾਰ ਵਰਗ ’ਚ ਨੰਬਰ ਇੱਕ ਪਹਿਲਵਾਨ ਬਣ ਗਿਆ ਹੈ। ਉਸ ਕੋਲ 39 ਅੰਕ ਹੈ। 57 ਕਿਲੋ ਭਾਰ ਵਰਗ ਵਿੱਚ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਤਗ਼ਮਾ ਜੇਤੂ ਰਵੀ ਦਹੀਆ ਸਿਖਰਲੇ ਪੰਜਾਂ ’ਚ ਪਹੁੰਚਣ ’ਚ ਕਾਮਯਾਬ ਰਿਹਾ। ਉਸ ਦੇ 39 ਅੰਕ ਹਨ ਜਿਸ ਨਾਲ ਉਹ ਪੰਜਵੇਂ ਸਥਾਨ ’ਤੇ ਹੈ ਜਦਕਿ ਰਾਹੁਲ ਅਵਾਰੇ ਕਾਂਸੀ ਤਗ਼ਮਾ ਜਿੱਤਣ ਨਾਲ ਦੁਨੀਆਂ ਦਾ ਦੂਜੇ ਨੰਬਰ ਦਾ ਪਹਿਲਵਾਨ ਬਣ ਗਿਆ ਹੈ।
ਮਹਿਲਾਵਾਂ ਦੀ ਰੈਕਿੰਗ ’ਚ ਵਿਨੇਸ਼ ਫੋਗਾਟ ਪਿਛਲੇ ਹਫ਼ਤੇ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ 53 ਕਿਲੋ ਭਾਰ ਵਰਗ ’ਚ ਚਾਰ ਸਥਾਨ ਦੇ ਫਾਇਦੇ ਨਾਲ ਦੂਜੇ ਸਥਾਨ ’ਤੇ ਪਹੁੰਚ ਗਈ ਹੈ। ਉਸ ਨੇ ਨੂਰ ਸੁਲਮਾਨ ’ਚ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਇਲਾਵਾ ਟੋਕੀਓ ਓਲੰਪਿਕ ਦਾ ਕੋਟਾ ਵੀ ਹਾਸਲ ਕੀਤਾ ਸੀ। ਸੀਮਾ ਬਿਸਲਾ 50 ਕਿਲੋ ਭਾਰ ਵਰਗ ’ਚ ਇੱਕ ਸਥਾਨ ਖਿਸਕ ਕੇ ਤੀਜੇ ਸਥਾਨ ’ਤੇ ਪਹੁੰਚ ਗਈ ਹੈ ਜਦਕਿ ਪੂਜਾ ਢਾਂਡਾ (32) 59 ਕਿਲੋ ਭਾਰ ਵਰਗ ਵਿੱਚ ਹਮਵਤਨ ਮੰਜੂ ਕੁਮਾਰੀ (40) ਤੋਂ ਦੋ ਸਥਾਨ ਪਿੱਛੇ ਪੰਜਵੇਂ ਸਥਾਨ ’ਤੇ ਕਾਬਜ਼ ਹੈ।