ਰੋਮ, 20 ਜਨਵਰੀ
ਭਾਰਤੀ ਸਟਾਰ ਪਹਿਲਵਾਨ ਬਜਰੰਗ ਪੂਨੀਆ ਅਤੇ ਰਵੀ ਕੁਮਾਰ ਦਹੀਆ ਨੇ ਇੱਥੇ ਰੋਮ ਰੈਂਕਿੰਗ ਸੀਰੀਜ਼ ਟੂਰਨਾਮੈਂਟ ਵਿੱਚ ਆਪਣੇ ਭਾਰ ਵਰਗਾਂ ਵਿੱਚ ਸੋਨ ਤਗ਼ਮੇ ਜਿੱਤ ਕੇ ਓਲੰਪਿਕ ਸਾਲ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਹਾਲਾਂਕਿ ਪੂਨੀਆ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕਿਆ।
ਬਜਰੰਗ ਨੇ ਸ਼ਨਿੱਚਰਵਾਰ ਰਾਤ 65 ਕਿਲੋ ਫਰੀ ਸਟਾਈਲ ਵਰਗ ਦੇ ਫਾਈਨਲ ਵਿੱਚ ਅਰਮੀਕਾ ਦੇ ਜੌਰਡਨ ਮਾਈਕਲ ਓਲੀਵਰ ਖ਼ਿਲਾਫ਼ ਸ਼ਾਨਦਾਰ ਵਾਪਸੀ ਕਰਦਿਆਂ 4-3 ਨਾਲ ਜਿੱਤ ਹਾਸਲ ਕੀਤੀ। ਰਵੀ 57 ਕਿਲੋ ਦੀ ਥਾਂ 61 ਕਿਲੋ ਵਰਗ ਵਿੱਚ ਹਿੱਸਾ ਲੈ ਰਿਹਾ ਹੈ। ਉਸ ਨੇ ਸ਼ਨਿੱਚਰਵਾਰ ਦੀ ਰਾਤ ਫਾਈਨਲ ਵਿੱਚ ਕਜ਼ਾਖ਼ਿਸਤਾਨ ਦੇ ਨੂਰਬੋਲਾਟ ਅਬਦੁਲੀਯੇਵ ’ਤੇ 12-2 ਨਾਲ ਜਿੱਤ ਹਾਸਲ ਕਰਕੇ ਸੋਨ ਤਗ਼ਮਾ ਆਪਣੇ ਨਾਮ ਕੀਤਾ। ਸੋਨੀਪਤ ਦੇ 23 ਸਾਲ ਦੇ ਇਸ ਪਹਿਲਵਾਨ ਨੇ ਮੋਲਦੋਵਾ ਦੇ ਅਲੈਗਜ਼ੈਡਰੂ ਚਿਰਤੋਆਕਾ ਅਤੇ ਕਜ਼ਾਖ਼ਸਤਾਨ ਦੇ ਨੂਰੀਸਲਾਮ ਸਾਨਾਯੋਵ ’ਤੇ ਸ਼ਾਨਦਾਰ ਜਿੱਤ ਮਗਰੋਂ ਫਾਈਨਲ ਗੇੜ ਵਿੱਚ ਥਾਂ ਬਣਾਈ ਸੀ। ਭਾਰਤ ਨੇ ਇਸ ਟੂਰਨਾਮੈਂਟ ਤੋਂ ਸੱਤ ਤਗ਼ਮੇ ਹਾਸਲ ਕੀਤੇ ਹਨ।
ਵਿਨੇਸ਼ ਫੋਗਾਟ ਅਤੇ ਅੰਸ਼ੂ ਮਲਿਕ ਨੇ ਮਹਿਲਾ ਮੁਕਾਬਲਿਆਂ ਵਿੱਚ ਆਪਣੇ ਭਾਰ ਵਰਗਾਂ ’ਚ ਕ੍ਰਮਵਾਰ ਸੋਨਾ ਅਤੇ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ ਸੀ। ਇਸੇ ਤਰ੍ਹਾਂ ਗਰੀਕੋ ਰੋਮਨ ਵਿੱਚ ਗੁਰਪ੍ਰੀਤ ਸਿੰਘ (82 ਕਿਲੋ) ਨੇ ਸੋਨਾ, ਸੁਨੀਲ ਕੁਮਾਰ (97 ਕਿਲੋ) ਨੇ ਚਾਂਦੀ, ਜਦਕਿ ਸਾਜਨ ਭਾਨਵਾਲ (77 ਕਿਲੋ) ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਸੀ।
ਬਜਰੰਗ ਨੇ ਮੰਨਿਆ ਕਿ ਉਹ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕਿਆ। ਉਸ ਨੇ ਕਿਹਾ, ‘‘ਹਾਂ, ਮੁਕਾਬਲਾ ਕਰੀਬੀ ਸੀ, ਇਹ ਸੈਸ਼ਨ ਦਾ ਪਹਿਲਾ ਹੀ ਟੂਰਨਾਮੈਂਟ ਸੀ, ਇਸ ਲਈ ਮੈਂ ਜ਼ਿਆਦਾ ਫੁਰਤੀਲਾ ਨਹੀਂ ਸੀ। ਟੂਰਨਾਮੈਂਟ ਵਿੱਚ ਜਾਣ ਤੋਂ ਪਹਿਲਾਂ ਮੈਨੂੰ ਲੱਗ ਰਿਹਾ ਸੀ ਕਿ ਮੇਰਾ ਪ੍ਰਦਰਸ਼ਨ ਘੱਟ-ਵੱਧ ਹੋ ਸਕਦਾ ਹੈ।’’ ਉਸ ਨੇ ਕਿਹਾ, ‘‘ਪਰ ਕਰੀਬੀ ਮੁਕਾਬਲੇ ਹੋਣਾ ਚਿੰਤਾ ਦੀ ਗੱਲ ਨਹੀਂ, ਇਹ ਚੰਗਾ ਹੈ। ਇਸ ਨਾਲ ਮੈਂ ਚੌਕਸ ਰਹਿੰਦਾ ਹਾਂ ਅਤੇ ਆਪਣੀਆਂ ਘਾਟਾਂ ’ਤੇ ਵਿਚਾਰ ਕਰਨ ਦਾ ਕੋਈ ਮੌਕਾ ਨਹੀਂ ਛੱਡਦਾ।’’ ਬਜਰੰਗ ਦਾ ਵਿਅਕਤੀਗਤ ਕੋਚ ਸ਼ਾਕੋ ਬੈਨਟਿਨਿਡਿਸ ਰੋਮ ਵਿੱਚ ਉਸ ਦੇ ਨਾਲ ਨਹੀਂ ਸੀ, ਇਸ ਕਾਰਨ ਵੀ ਭਾਰਤੀ ਪਹਿਲਵਾਨ ਦੇ ਪ੍ਰਦਰਸ਼ਨ ’ਤੇ ਅਸਰ ਪਿਆ।