ਨੰਦਿਨੀ ਨਗਰ (ਗੋਂਡਾ), 20 ਜਨਵਰੀ

ਦਿੱਲੀ ਦੇ ਜੰਤਰ-ਮੰਤਰ ’ਤੇ ਦੇਸ਼ ਦੇ ਨਾਮੀ ਪਹਿਲਵਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ ਸ਼ਾਹੀਨ ਬਾਗ ਦਾ ਧਰਨਾ ਦੱਸਦਿਆਂ ਕੌਮੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਕੈਸਰਗੰਜ ਤੋਂ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੇ ਆਪਣਾ ਅਹੁਦਾ ਛੱਡਣ ਤੋਂ ਇਨਕਾਰ ਕਰ ਦਿੱਤਾ। ਯੂਪੀ ਦੇ ਕੈਸਰਗੰਜ ਹਲਕੇ ਤੋਂ ਛੇ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਬ੍ਰਿਜ ਭੂਸ਼ਨ ਨੇ ਇੱਥੇ ਆਪਣੇ ਜੱਦੀ ਸਥਾਨ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੇਰੇ ਖ਼ਿਲਾਫ਼ ਪਹਿਲਵਾਨਾਂ ਦਾ ਵਿਰੋਧ ਸ਼ਾਹੀਨ ਬਾਗ ਪ੍ਰਦਰਸ਼ਨ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਪ੍ਰਦਰਸ਼ਨ ਪਿੱਛੇ ਹੈ ਤੇ ਇਹ ਭਾਜਪਾ ‘ਤੇ ਹਮਲਾ ਹੈ। ਇਸ ਤੋਂ ਪਹਿਲਾਂ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਪ੍ਰਦਰਸ਼ਨ ਕਰ ਰਹੇ ਭਲਵਾਨ ਕਾਂਗਰਸ ਅਤੇ ਦੀਪੇਂਦਰ ਹੁੱਡਾ ਦੇ ਹੱਥਾਂ ਵਿੱਚ ਖਿਡੌਣਾ ਹਨ। ਕਾਂਗਰਸ ਨੇ ਤਿੰਨ ਦਹਾਕੇ ਪਹਿਲਾਂ ਵੀ ਉਨ੍ਹਾਂ ਖਿਲਾਫ ਇਸ ਤਰ੍ਹਾਂ ਦੀ ਸਾਜ਼ਿਸ਼ ਰਚੀ ਸੀ।