ਨਵੀਂ ਦਿੱਲੀ, 8 ਅਗਸਤ
ਸਾਬਕਾ ਪਹਿਲਵਾਨ ਕਰਤਾਰ ਸਿੰਘ ਸਮੇਤ ਪੰਜ ਉਮੀਦਵਾਰ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੀ 12 ਅਗਸਤ ਨੂੰ ਹੋਣ ਵਾਲੀ ਚੋਣ ’ਚ ਮੀਤ ਪ੍ਰਧਾਨ ਦੇ ਚਾਰ ਅਹੁਦਿਆਂ ਦੀ ਦੌੜ ਵਿੱਚ ਸ਼ਾਮਲ ਹਨ। ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਲਈ ਅੱਜ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਬੈਂਕਾਕ (1978) ਅਤੇ ਸਿਓਲ (1986) ਵਿੱਚ ਏਸ਼ਿਆਈ ਖੇਡਾਂ ’ਚ ਸੋਨ ਤਗਮੇ ਜਿੱਤਣ ਵਾਲੇ ਕਰਤਾਰ ਪਿਛਲੇ ਸਮੇਂ ਵਿੱਚ ਡਬਲਿਊਐੱਫਆਈ ਦੇ ਸਕੱਤਰ ਜਨਰਲ ਰਹਿ ਚੁੱਕੇ ਹਨ ਅਤੇ ਉਨ੍ਹਾਂ ਕੋਲ ਕਈ ਸਾਲਾਂ ਦਾ ਪ੍ਰਸ਼ਾਸਨਿਕ ਤਜਰਬਾ ਹੈ। ਉਨ੍ਹਾਂ ਤੋਂ ਇਲਾਵਾ ਅਸਿਤ ਕੁਮਾਰ ਸਾਹਾ (ਬੰਗਾਲ), ਜੈ ਪ੍ਰਕਾਸ਼ (ਦਿੱਲੀ), ਮੋਹਨ ਯਾਦਵ (ਮੱਧ ਪ੍ਰਦੇਸ਼) ਅਤੇ ਐਨ ਫੋਨੀ (ਮਣੀਪੁਰ) ਮੀਤ ਪ੍ਰਧਾਨ ਦੇ ਅਹੁਦੇ ਦੀ ਦੌੜ ’ਚ ਹਨ। ਪ੍ਰਧਾਨ ਦੇ ਅਹੁਦੇ ਲਈ ਡਬਲਿਊਐੱਫਆਈ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਧੜੇ ਦੇ ਸੰਜੈ ਕੁਮਾਰ ਸਿੰਘ (ਉੱਤਰ ਪ੍ਰਦੇਸ਼) ਅਤੇ 2010 ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਅਨੀਤਾ ਸ਼ਿਓਰਾਨ ਵਿਚਾਲੇ ਸਿੱਧੀ ਟੱਕਰ ਹੋਵੇਗੀ। ਜਾਣਕਾਰੀ ਅਨੁਸਾਰ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਸਮੇਤ ਛੇ ਪਹਿਲਵਾਨ ਅਨੀਤਾ ਦੇ ਸਮਰਥਨ ’ਚ ਹਨ। ਅਨੀਤਾ ਬ੍ਰਿਜ ਭੂਸ਼ਨ ਖ਼ਿਲਾਫ਼ ਚੱਲ ਰਹੇ ਜਿਨਸੀ ਸ਼ੋਸ਼ਣ ਮਾਮਲੇ ਦੀ ਗਵਾਹ ਵੀ ਹੈ।
ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਗਏ ਜਸਟਿਸ (ਸੇਵਾਮੁਕਤ) ਐੱਮਐੱਮ ਕੁਮਾਰ ਵੱਲੋਂ ਜਾਰੀ ਅਧਿਕਾਰਿਤ ਸੂਚੀ ਅਨੁਸਾਰ ਸੰਯੁਕਤ ਸਕੱਤਰ ਦੇ ਦੋ ਅਹੁਦਿਆਂ ਲਈ ਚਾਰ ਉਮੀਦਵਾਰ ਜਦਕਿ ਕਾਰਜਕਾਰਨੀ ਕਮੇਟੀ ਦੇ ਪੰਜ ਅਹੁਦਿਆਂ ਲਈ ਸੱਤ ਉਮੀਦਵਾਰ ਮੈਦਾਨ ਵਿੱਚ ਹਨ।
ਬ੍ਰਿਜ ਭੂਸ਼ਨ ਧੜੇ ਨੇ ਸਾਰੇ 15 ਅਹੁਦਿਆਂ ਲਈ ਨਾਮਜ਼ਦਗੀਆਂ ਦਾਖਲ ਕੀਤੀਆਂ ਹਨ ਅਤੇ ਰਿਪੋਰਟਾਂ ਅਨੁਸਾਰ ਇਹ ਕਈ ਅਹਿਮ ਅਹੁਦਿਆਂ ’ਤੇ ਜਿੱਤ ਦੇ ਦਾਅਵੇਦਾਰ ਹਨ। ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਬ੍ਰਿਜ ਭੂਸ਼ਨ ਧੜੇ ਦੇ ਆਈਡੀ ਨਾਨਾਵਤੀ ਅਤੇ ਅਸਾਮ ਦੇ ਦੇਵੇਂਦਰ ਕਾਦਿਆਨ ਵਿਚਾਲੇ ਮੁਕਾਬਲਾ ਹੋਵੇਗਾ। ਜਾਣਕਾਰੀ ਅਨੁਸਾਰ 12 ਅਗਸਤ ਨੂੰ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਦੇ ਇੱਕ-ਇੱਕ, ਮੀਤ ਪ੍ਰਧਾਨ ਦੇ ਚਾਰ, ਜਨਰਲ ਸਕੱਤਰ ਦੇ ਇੱਕ, ਖਜ਼ਾਨਚੀ ਦੇ ਇੱਕ, ਸੰਯੁਕਤ ਸਕੱਤਰ ਦੇ ਦੋ ਅਤੇ ਕਾਰਜਕਾਰਨੀ ਮੈਂਬਰ ਦੇ ਪੰਜ ਅਹੁਦਿਆਂ ਲਈ ਚੋਣ ਹੋਵੇਗੀ।