ਅਸਤਾਨਾ:ਭਾਰਤੀ ਪਹਿਲਵਾਨ ਅੰਤਿਮ ਪੰਘਾਲ ਨੇ ਅੱਜ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਦੇ 53 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਜਦਕਿ ਅੰਸ਼ੂ ਮਲਿਕ ਨੂੰ ਜਾਪਾਨ ਦੀ ਸਾਏ ਨਾਂਜੋ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਕਾਂਸੇ ਦੇ ਤਗਮੇ ਲਈ ਉਸ ਦਾ ਮੁਕਬਾਲਾ ਮੰਗੋਲੀਆ ਦੀ ਈ. ਬੈਟ ਏਰਡੀਨ ਨਾਲ ਹੋਵੇਗਾ। ਪਿਛਲੇ ਸਾਲ ਅੰਡਰ-20 ਵਿਸ਼ਵ ਚੈਂਪੀਅਨ ਬਣਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਪੰਘਾਲ ਨੇ ਆਪਣੇ ਵਿਰੋਧੀਆਂ ਨੂੰ ਆਸਾਨੀ ਨਾਲ ਪਛਾੜ ਦਿੱਤਾ ਅਤੇ ਫਾਈਨਲ ਤੱਕ ਸਿਰਫ਼ ਇੱਕ ਅੰਕ ਹੀ ਗੁਆਇਆ। ਉਸ ਨੇ ਸੈਮੀਫਾਈਨਲ ਵਿੱਚ ਉਜ਼ਬੇਕਿਸਤਾਨ ਦੀ ਅਕਤੇਂਗੇ ਕਿਊਨਿਮਜਾਏਵਾ ਖ਼ਿਲਾਫ਼ ਚਿਤਾਵਨੀ ਮਿਲਣ ਕਾਰਨ ਇੱਕ ਅੰਕ ਗੁਆਇਆ ਪਰ ਉਸ ਨੇ ਇਹ ਮੁਕਾਬਲਾ 8-1 ਨਾਲ ਆਪਣੇ ਨਾਮ ਕੀਤਾ। ਸੋਨ ਤਗਮੇ ਲਈ ਉਸ ਦਾ ਮੁਕਾਬਲਾ ਜਾਪਾਨ ਦੀ ਅਕਾਰੀ ਫੁਜੀਨਾਮੀ ਨਾਲ ਹੋਵੇਗਾ। 75 ਕਿਲੋ ਵਰਗ ਵਿੱਚ ਅੰਸ਼ੂ ਮਲਿਕ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਸੀ ਪਰ ਉਹ ਮੌਜੂਦਾ ਅੰਡਰ-23 ਚੈਂਪੀਅਨ ਖ਼ਿਲਾਫ਼ ਜੂਝਦੀ ਨਜ਼ਰ ਆਈ। ਉਧਰ ਮਨੀਸ਼ਾ (65 ਕਿਲੋ), ਰਿਤਿਕਾ (72 ਕਿਲੋ) ਅਤੇ ਸੋਨਮ ਮਲਿਕ (62 ਕਿਲੋ) ਵੀ ਕਾਂਸੇ ਦੇ ਤਗਮੇ ਲਈ ਭਿੜਨਗੀਆਂ। ਭਾਰਤ ਨੇ ਇਸ ਚੈਂਪੀਅਨਸ਼ਿਪ ਵਿੱਚ ਹੁਣ ਤੱਕ ਛੇ ਤਗਮੇ ਜਿੱਤੇ ਹਨ। ਇਨ੍ਹਾਂ ’ਚੋਂ ਚਾਰ ਮੈਡਲ ਗ੍ਰੀਕੋ ਰੋਮਨ ਪਹਿਲਵਾਨਾਂ ਨੇ ਜਿੱਤੇ ਹਨ। ਨਿਸ਼ਾ ਦਹੀਆ (68 ਕਿਲੋ) ਨੇ ਮੰਗਲਵਾਰ ਨੂੰ ਚਾਂਦੀ ਅਤੇ ਪ੍ਰਿਆ (76 ਕਿਲੋਗ੍ਰਾਮ) ਨੇ ਕਾਂਸੇ ਦਾ ਤਗਮਾ ਜਿੱਤਿਆ ਸੀ।