ਨਵੀ ਦਿੱਲੀ : ਇੰਡੀਗੋ ਏਅਰਲਾਈਨਜ਼ ਦੀ ਇੱਕ ਉਡਾਣ ਵਿੱਚ ਅੱਜ ਤੜਕੇ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਹਵਾਈ ਅੱਡਾ ਅਧਿਕਾਰੀਆਂ ਨੂੰ ਇੱਕ ਬੰਬ ਧਮਕੀ ਦੀ ਈਮੇਲ ਪ੍ਰਾਪਤ ਹੋਈ। ਸੂਚਨਾ ਮਿਲਣ ‘ਤੇ ਤੁਰੰਤ ਅਲਰਟ ਜਾਰੀ ਕੀਤਾ ਗਿਆ। ਦੱਸ ਦਈਏ ਕਿ ਕੁਵੈਤ ਤੋਂ ਹੈਦਰਾਬਾਦ ਜਾ ਰਹੀ ਇੰਡੀਗੋ ਫਲਾਈਟ ਨੰਬਰ 6E-1234 ਨੂੰ ਮੰਗਲਵਾਰ ਸਵੇਰੇ ਬੰਬ ਦੀ ਧਮਕੀ ਤੋਂ ਬਾਅਦ ਮੁੰਬਈ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ।
ਜਾਣਕਾਰੀ ਦਿੰਦਿਆਂ ਅਧਿਕਾਰੀਆਂ ਦੇ ਦੱਸਿਆ ਹੈਦਰਾਬਾਦ ਹਵਾਈ ਅੱਡੇ ਨੂੰ ਜਹਾਜ਼ ਵਿੱਚ ਬੰਬ ਹੋਣ ਦੀ ਧਮਕੀ ਵਾਲਾ ਇੱਕ ਈਮੇਲ ਮਿਲਿਆ ਅਤੇ ਸਾਰੀਆਂ ਏਜੰਸੀਆਂ ਨੂੰ ਤੁਰੰਤ ਸੁਚੇਤ ਕਰ ਦਿੱਤਾ ਗਿਆ। ਇਸਤੋਂ ਬਾਅਦ ਜਹਾਜ਼ ਸੁਰੱਖਿਅਤ ਉਤਾਰ ਲਿਆ ਗਿਆ ਅਤੇ ਹਵਾਈ ਅੱਡੇ ਦੇ ਇੱਕ ਅਲੱਗ ਖੇਤਰ ਵਿੱਚ ਲਿਜਾਇਆ ਗਿਆ, ਜਿੱਥੇ ਬੰਬ ਸਕੁਐਡ ਅਤੇ ਸੁਰੱਖਿਆ ਟੀਮਾਂ ਨੇ ਜਾਂਚ ਸ਼ੁਰੂ ਕੀਤੀ। ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਪੂਰੀ ਪ੍ਰਕਿਰਿਆ ਤੇਜ਼ੀ ਨਾਲ ਲਾਗੂ ਕੀਤੀ ਗਈ।
ਸੀਆਈਐਸਐਫ, ਬੰਬ ਨਿਰੋਧਕ ਦਸਤੇ, ਹਵਾਈ ਅੱਡੇ ਦੀ ਸੁਰੱਖਿਆ ਅਤੇ ਸਥਾਨਕ ਪੁਲਿਸ ਨੇ ਕਈ ਪੜਾਵਾਂ ਵਿੱਚ ਜਹਾਜ਼ ਦੀ ਜਾਂਚ ਕੀਤੀ। ਯਾਤਰੀਆਂ ਅਤੇ ਚਾਲਕ ਦਲ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਨਾਲ ਹੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਧਮਕੀ ਦੀ ਜਾਂਚ ਜਾਰੀ ਹੈ। ਅਜੇ ਤੱਕ ਕਿਸੇ ਵੀ ਵਿਸਫੋਟਕ ਦੀ ਪੁਸ਼ਟੀ ਨਹੀਂ ਹੋਈ ਹੈ।
ਸੁਰੱਖਿਆ ਏਜੰਸੀਆਂ ਈਮੇਲ ਭੇਜਣ ਵਾਲੇ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕੀ ਧਮਕੀ ਅਸਲੀ ਸੀ ਜਾਂ ਸਿਰਫ਼ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਸੀ। ਸੁਰੱਖਿਆ ਏਜੰਸੀਆਂ ਦੀ ਜਾਂਚ ਤੋਂ ਬਾਅਦ ਹੀ ਹੋਰ ਵੇਰਵੇ ਉਪਲਬਧ ਹੋਣਗੇ। ਜਾਣਕਾਰੀ ਲਈ ਦੱਸ ਦਈਏ ਜਦੋਂ ਬੰਬ ਦੀ ਧਮਕੀ ਮਿਲਦੀ ਹੈ ਤਾਂ ਫਲਾਈਟ ਨੂੰ ਉਸਦੀ ਨਿਰਧਾਰਤ ਮੰਜ਼ਿਲ ਦੀ ਬਜਾਏ ਨੇੜਲੇ ਹਵਾਈ ਅੱਡੇ ਵੱਲ ਮੋੜ ਦਿੱਤਾ ਜਾਂਦਾ ਹੈ।














