ਵੈਲਿੰਗਟਨ: ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਆਸਟਰੇਲੀਆ ਖ਼ਿਲਾਫ਼ ਸਿਡਨੀ ਟੈਸਟ ਵਿੱਚ ਪੰਜ ਵਿਕਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਵਿਦੇਸ਼ੀ ਧਰਤੀ ’ਤੇ ਅਨੁਭਵੀ ਰਵੀਚੰਦਰਨ ਅਸ਼ਵਿਨ ਦੀ ਥਾਂ ਕੁਲਦੀਪ ਯਾਦਵ ਟੀਮ ਦਾ ਮੁੱਖ ਸਪਿੰਨਰ ਹੋਵੇਗਾ। ਸ਼ਾਸਤਰੀ ਨੇ ਸਾਫ਼ ਕੀਤਾ ਕਿ ਕੁਲਦੀਪ ‘ਪਹਿਲਾਂ’ ਹੀ ਅਸ਼ਵਿਨ ਅਤੇ ਜਡੇਜਾ ਤੋਂ ਅੱਗੇ ਨਿਕਲ ਕੇ ਦੇਸ਼ ਦਾ ਅੱਵਲ ਨੰਬਰ ਸਪਿੰਨਰ ਬਣ ਗਿਆ ਹੈ। ਸ਼ਾਸਤਰੀ ਨੇ ‘ਕ੍ਰਿਕਬਜ਼’ ਵੈੱਬਸਾਈਟ ਨੂੰ ਕਿਹਾ, ‘‘ਉਹ ਪਹਿਲਾਂ ਹੀ ਵਿਦੇਸ਼ ਵਿੱਚ ਟੈਸਟ ਕ੍ਰਿਕਟ ਖੇਡ ਚੁੱਕਿਆ ਹੈ ਅਤੇ ਪੰਜ ਵਿਕਟਾਂ ਲੈ ਚੁੱਕਿਆ ਹੈ। ਅਜਿਹੇ ਵਿੱਚ ਉਹ ਸਾਡਾ ਮੁੱਖ ਸਪਿੰਨਰ ਹੋਵੇਗਾ।’’ ਕੁਲਦੀਪ ਨੇ ਮੀਂਹ ਤੋਂ ਪ੍ਰਭਾਵਿਤ ਇਸ ਮੈਚ ਵਿੱਚ ਪੰਜ ਸ਼ਿਕਾਰ ਕੀਤੇ ਸਨ। ਜ਼ਿਆਦਾਤਰ ਆਸਟਰੇਲਿਆਈ ਬੱਲੇਬਾਜ਼ ਉਸ ਦੀਆਂ ਗੇਂਦਾਂ ਨੂੰ ਸਮਝ ਨਹੀਂ ਸਕੇ। ਉਸ ਨੇ ਵਿਰਾਟ ਕੋਹਲੀ ਦੀ ਤੁਲਨਾ ਵੈਸਟ ਇੰਡੀਜ਼ ਦੇ ਖਿਡਾਰੀ ਸਰ ਵਿਵਿਅਨ ਰਿਚਰਡਜ਼ ਅਤੇ ਸਾਬਕਾ ਪਾਕਿਸਤਾਨੀ ਕਪਤਾਨ ਇਮਰਾਨ ਖ਼ਾਨ ਨਾਲ ਕੀਤੀ।