ਲੰਡਨ, ਇੰਗਲੈਂਡ ਦੇ ਬੱਲੇਬਾਜ਼ਾਂ ਨੇ ਇਕ ਰੋਜ਼ਾ ਲੜੀ ਵਿੱਚ ਭਾਰਤ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦਾ ਭਾਵੇਂ ਤੋੜ ਲੱਭ ਲਿਆ ਹੋਵੇ, ਪਰ ਇੰਗਲੈਂਡ ਦੇ ਖੱਬੇ ਹੱਥ ਦੇ ਸਾਬਕਾ ਸਪਿੰਨਰ ਫਿਲ ਟਫਨੇਲ ਨੇ ਟੈਸਟ ਟੀਮ ’ਚ ਉਹਦੀ ਚੋਣ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਉਸ ਨੂੰ ਪੰਜ ਰੋਜ਼ਾ ਮੈਚ ਵਿੱਚ ਮੌਕਾ ਮਿਲਣਾ ਚਾਹੀਦਾ। ਟਫਨੇਲ ਨੇ ਕੁਲਦੀਪ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਖੱਬੇ ਹੱਥ ਦੇ ਸਪਿੰਨਰ ਕੋਲ ‘ਨਿਵੇਕਲਾ’ ਹੁਨਰ ਹੈ। ਉਸ ਨੇ ਕਿਹਾ, ‘ਤੁਹਾਨੂੰ ਖੱਬੇ ਹੱਥ ਦੇ ਗੁਟ ਵਾਲੇ ਸਪਿੰਨਰ ਬਹੁਤੇ ਨਹੀਂ ਮਿਲਣਗੇ। ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ’ਚ ਅਜਿਹੀ ਸਪਿੰਨਰਾਂ ਦੀ ਗਿਣਤੀ ਨਾਂਮਾਤਰ ਹੈ। ਕੁਲਦੀਪ ਨਿਵੇਕਲਾ ਗੇਂਦਬਾਜ਼ ਹੈ। ਜਦੋਂ ਤੁਸੀਂ ਅਜਿਹੇ ਗੇਂਦਬਾਜ਼ ਨੂੰ ਵੇਖਦੇ ਹੋ ਤਾਂ ਉਸ ’ਤੇ ਕੰਮ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ।’ ਇਕ ਅਗਸਤ ਤੋਂ ਸ਼ੁਰੂ ਹੋ ਰਹੇ ਪਹਿਲੇ ਟੈਸਟ ’ਚ ਕੁਲਦੀਪ ਨੂੰ ਮੌਕਾ ਦਿੱਤੇ ਜਾਣ ਸਬੰਧੀ ਉਨ੍ਹਾਂ ਕਿਹਾ, ‘ਮੈਂ ਯਕੀਨੀ ਤੌਰ ’ਤੇ ਉਸ ਨੂੰ ਮੈਦਾਨ ’ਚ ਉਤਾਰਾਂਗਾ। ਇਹ ਚੰਗੀ ਗੱਲ ਹੈ ਕਿ ਭਾਰਤ ਨੇ ਉਸ ਨੂੰ ਵਾਪਸ ਨਹੀਂ ਭੇਜਿਆ। ਇਹ ਵੀ ਹੋ ਸਕਦਾ ਹੈ ਕਿ ਪਿੱਚ ਤੇ ਹਾਲਾਤ ਦੇ ਮੱਦੇਨਜ਼ਰ ਭਾਰਤ ਤਿੰਨ ਸਪਿੰਨਰਾਂ ਨਾਲ ਖੇਡੇ।’