ਸ੍ਰੀਨਗਰ, 18 ਅਕਤੂਬਰ

ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਦਹਿਸ਼ਤਗਰਦਾਂ ਨੇ ਅੱਜ ਦੋ ਹੋਰ ਗ਼ੈਰ-ਕਸ਼ਮੀਰੀ ਮਜ਼ਦੂਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪਿਛਲੇ ਕਈ ਦਿਨਾਂ ਤੋਂ ਵਾਦੀ ਵਿਚ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਸ਼ਮੀਰ ਜ਼ੋਨ ਦੀ ਪੁਲੀਸ ਨੇ ਦੱਸਿਆ ਕਿ ਕੁਲਗਾਮ ਦੇ ਵਨਪੋਹ ਇਲਾਕੇ ਵਿਚ ਅਤਿਵਾਦੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਦੋ ਬਿਹਾਰੀ ਮਜ਼ਦੂਰਾਂ ਰਾਜਾ ਰੇਸ਼ੀ ਦੇਵ ਤੇ ਜੋਗਿੰਦਰ ਰੇਸ਼ੀ ਦੇਵ ਦੀ ਹੱਤਿਆ ਕਰ ਦਿੱਤੀ।  ਇਕ ਹੋਰ ਮਜ਼ਦੂਰ ਚੁਨ ਚੁਨ ਰੇਸ਼ੀ ਦੇਵੀ ਫੱਟੜ ਹੋ ਗਿਆ ਹੈ। ਪੁਲੀਸ ਤੇ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰਾ ਪਾ ਲਿਆ ਹੈ। ਅਧਿਕਾਰੀਆਂ ਮੁਤਾਬਕ ਅਤਿਵਾਦੀ ਮਜ਼ਦੂਰਾਂ ਵੱਲੋਂ ਕਿਰਾਏ ਉਤੇ ਲਈ ਰਿਹਾਇਸ਼ ਵਿਚ ਵੜ ਗਏ ਤੇ ਗੋਲੀਆਂ ਚਲਾ ਦਿੱਤੀਆਂ। ਪਿਛਲੇ 24 ਘੰਟਿਆਂ ਵਿਚ ਬਾਹਰਲੇ ਸੂਬਿਆਂ ਦੇ ਮਜ਼ਦੂਰਾਂ ਉਤੇ ਇਹ ਤੀਜਾ ਹਮਲਾ ਹੈ। ਇਸੇ ਦੌਰਾਨ ਜੰਮੂ ਕਸ਼ਮੀਰ ਪੁਲੀਸ ਨੇ ਕਿਹਾ ਹੈ ਕਿ ਗ਼ੈਰ ਕਸ਼ਮੀਰੀ ਮਜ਼ਦੂਰਾਂ ਨੂੰ ਤੁਰੰਤ ਪੁਲੀਸ ਤੇ ਸੈਨਾ ਦੇ ਕੈਂਪਾਂ ਵਿਚ ਲਿਆਂਦਾ ਜਾਵੇਗਾ।  ਸ਼ਨਿਚਰਵਾਰ ਸ਼ਾਮ ਬਿਹਾਰ ਦੇ ਇਕ ਰੇੜ੍ਹੀ ਲਾਉਣ ਵਾਲੇ ਦੀ ਅਤੇ ਯੂਪੀ ਦੇ ਇਕ ਕਾਰਪੇਂਟਰ ਦੀ ਹੱਤਿਆ ਕਰ ਦਿੱਤੀ ਗਈ ਸੀ। ਨਾਗਰਿਕਾਂ ਦੀਆਂ ਲਗਾਤਾਰ ਹੋ ਰਹੀਆਂ ਹੱਤਿਆਵਾਂ ਦੇ ਮੱਦੇਨਜ਼ਰ ਅੱੱਜ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਅਤਿਵਾਦੀਆਂ ਤੇ ਉਨ੍ਹਾਂ ਦੇ ਹਮਦਰਦਾਂ ਦਾ ਖ਼ਾਤਮਾ ਕਰ ਕੇ ਖ਼ੂਨ ਦੀ ਡੁੱਲ੍ਹੀ ਹਰ ਇਕ ਬੂੰਦ ਦਾ ਬਦਲਾ ਲਿਆ ਜਾਵੇਗਾ। ਸਿਨਹਾ ਨੇ ਕਿਹਾ ਕਿ ਜੰਮੂ ਕਸ਼ਮੀਰ ਦੀ ਸਮਾਜਿਕ-ਆਰਥਿਕ ਤਰੱਕੀ ਵਿਚ ਅੜਿੱਕਾ ਪਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸ ਤੋਂ ਇਲਾਵਾ ਸ਼ਾਂਤੀ ਭੰਗ ਕਰਨ ਤੇ ਲੋਕਾਂ ਦਾ ਵਿਕਾਸ ਰੋਕਣ ਦਾ ਯਤਨ ਕੀਤਾ ਜਾ ਰਿਹਾ ਹੈ। ਉਪ ਰਾਜਪਾਲ ਨੇ ਜਾਨ ਗੁਆਉਣ ਵਾਲਿਆਂ ਨੂੰ ਇਕ ਰੇਡੀਓ ਪ੍ਰੋਗਰਾਮ ਰਾਹੀਂ ਸ਼ਰਧਾਂਜਲੀ ਦਿੱਤੀ। ਜੰਮੂ ਕਸ਼ਮੀਰ ਵਿਚ ਭਾਜਪਾ ਦੇ ਬੁਲਾਰੇ ਅਲਤਾਫ਼ ਠਾਕੁਰ ਨੇ ਹੱਤਿਆਵਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ‘ਇਹ ਨਿਰੋਲ ਨਸਲਕੁਸ਼ੀ ਹੈ। ਗ਼ੈਰ-ਕਸ਼ਮੀਰੀਆਂ ਦੀਆਂ ਬੇਰਹਿਮੀ ਨਾਲ ਹੱਤਿਆਵਾਂ ਅਣਮਨੁੱਖੀ ਹਨ ਤੇ ਦਹਿਸ਼ਤਗਰਦਾਂ ਦੀ ਨਿਰਾਸ਼ਾ ਨੂੰ ਦਰਸਾਉਂਦੀਆਂ ਹਨ।’ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨਾਲ ਫੋਨ ’ਤੇ ਗੱਲਬਾਤ ਕਰ ਕੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਮ੍ਰਿਤਕਾਂ ਦੇ ਵਾਰਿਸਾਂ ਨੂੰ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ।