ਮੁੰਬਈ, 3 ਮਈ

ਇਸ ਸਮੇਂ ਜਦੋਂ ਕਿ ਦੇਸ਼ ਕਰੋਨਾਵਾਇਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ, ਅਦਾਕਾਰ ਕੁਨਾਲ ਜੈਸਿੰਘ ਲੋੜਵੰਦਾਂ ਦੀ ਮਦਦ ਲਈ ਅੱਗੇ ਆਇਆ ਹੈ। ਉਸ ਵੱਲੋਂ ਝੁੱਗੀਆਂ ’ਚ ਰਹਿੰਦੇ ਲੋਕਾਂ ਦੀ ਭੋਜਨ ਤੇ ਦੁੱਧ ਨਾਲ ਮਦਦ ਕੀਤੀ ਜਾ ਰਹੀ ਹੈ। ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ, ‘ਕਰੋਨਾ ਨੇ ਸਾਨੂੰ ਬਹੁਤ ਮਾੜਾ ਸਮਾਂ ਦਿਖਾਇਆ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਹਰ ਦੂਜੇ ਵਿਅਕਤੀ ਨੂੰ ਮਦਦ ਦੀ ਲੋੜ ਹੈ। ਕੋਈ ਮਾੜੇ ਆਰਥਿਕ ਹਾਲਾਤ ਨਾਲ ਜੂਝ ਰਿਹਾ ਹੈ ਤੇ ਕੋਈ ਉਦਾਸ ਹੈ। ਮੈਂ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਪਿਛਲੇ ਮਹੀਨੇ ਤੋਂ ਲੋਕਾਂ ਦੀ ਜ਼ੂਰਰੀ ਵਸਤਾਂ ਜਿਵੇਂ ਦੁੱਧ ਤੇ ਭੋਜਨ ਆਦਿ ਨਾਲ ਮਦਦ ਕਰ ਰਿਹਾ ਹਾਂ।’ ਉਸ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ’ਤੇ ਵੀ ਲੋਕਾਂ ਦੀ ਮਦਦ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਕਿਹਾ,‘ਮੈਂ ਆਪਣੇ ਸੋਸ਼ਲ ਮੀਡੀਆ ਖਾਤਿਆਂ ’ਤੇ ਵੱਧ ਤੋਂ ਵੱਧ ਲੋਕਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਸਾਨੂੰ ਇਸੇ ਤਰ੍ਹਾਂ ਵਿਹਾਰ ਕਰਨ ਦੀ ਲੋੜ ਹੈ। ਇਹ ਸਮੇਂ ਦੀ ਮੁੱਖ ਲੋੜ ਹੈ।’ਕੁਨਾਲ ਨੇ ਕਿਹਾ ਕਿ ਇਸ ਔਖੇ ਸਮੇਂ ਸਾਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਤੇ ਕੋਵਿਡ-19 ਸਬੰਧੀ ਅਫ਼ਵਾਹਾਂ ਤੋਂ ਬਚਣਾ ਚਾਹੀਦਾ ਹੈ।