ਮੋਹਾਲੀ, 10 ਅਗਸਤ:
ਕੁਆਰਕਸਿਟੀ ਪ੍ਰਾਇਵੇਟ ਲਿਮਟਿਡ ਨੇ ਦੇ ਸਵਰਗੀ ਰਾਜਮਾਤਾ ਮਹਿੰਦਰ ਕੌਰ ਦੀ ਯਾਦ ਵਿੱਚ 1000 ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਇਸ ਨੇ ਪੰਜਾਬ ਦੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਸਬਸਿਡੀ ’ਤੇ 1000 ਘਰ ਮੁਹੱਈਆ ਕਰਾਉਣ ਦਾ ਵੀ ਵਾਅਦਾ ਕੀਤਾ।
ਇਹ ਐਲਾਨ ਕੰਪਨੀ ਦੇ ਚੇਅਰਮੈਨ ਫ੍ਰੈਡ ਇਬਰਾਹਿਮ ਨੇ ਅੱਜ ਸ਼ਾਮ ਮੋਹਾਲੀ ਦੇ ਕੁਆਰਕਸਿਟੀ ਕੰਪਲੈਕਸ ਵਿੱਚ ਨਵੀਂ ਆਈ.ਟੀ/ਆਈ.ਟੀ.ਈ.ਐਸ. ਇਮਾਰਤ ਦੇ ਭੂਮੀ ਪੂਜਨ ਮੌਕੇ ਕੀਤਾ।
ਪੰਜਾਬ ਨਾਲ ਚੰਗੀ ਨੇੜਤਾ ਰੱਖਣ ਵਾਲੇ ਸ੍ਰੀ ਫ੍ਰੈਡ ਨੇ ਕਿਹਾ ਕਿ ਇਹ ਪ੍ਰੋਜੈਕਟ ਉਸ ਲਈ ਕੋਈ ਵਪਾਰਿਕ ਉੱਦਮ ਨਹੀਂ ਹੈ ਅਤੇ ਉਹ ਸੂਬੇ ਲਈ ਖਾਸਕਰ ਕੈਪਟਨ ਅਮਰਿੰਦਰ ਸਿੰਘ ਤੋਂ ਹਮੇਸ਼ਾ ਹੀ ਪ੍ਰਾਪਤ ਹੋਏ ਸਮਰਥਨ ਦੇ ਮੱਦੇਨਜ਼ਰ ਕੁੱਝ ਕਰਨਾ ਚਾਹੁੰਦੇ ਹਨ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਨੂੰ ਹੋਰਨਾਂ ਆਈ.ਟੀ. ਕੰਪਨੀਆਂ ਲਈ ਇਹ ਪ੍ਰੋਜੈਕਟ ਸ਼ੁਰੂ ਕਰਨ ਲਈ ਉਤਸ਼ਾਹਤ ਕੀਤਾ ਹੈ। ਸ੍ਰੀ ਫੈ੍ਰਡ ਨੇ ਕਿਹਾ ਕਿ ਉਹ ਹਮੇਸ਼ਾ ਹੀ ਪੰਜਾਬ ਪ੍ਰਤੀ ਨਰਮ ਰਹੇ ਹਨ ਕਿਉਂਕਿ ਕੁੱਝ ਪੰਜਾਬੀਆਂ ਨੇ ਉਨਾਂ ਨੂੰ ਸਿੱਖਣ ਵਿੱਚ ਮਦਦ ਕੀਤੀ ਹੈ ਜਦੋਂ ਉਹ ਇਰਾਨ ਦੇ ਇਕ ਤੇਲ ਸੋਧਕ ਕਾਰਖਾਨੇ ਵਿੱਚ ਕੰਮ ਕਰ ਰਹੇ ਸਨ।
ਸ੍ਰੀ ਫ੍ਰੈਡ ਨੇ ਕੈਪਟਨ ਅਮਰਿੰਦਰ ਸਿੰਘ ਦੇ ਉਦਯੋਗ ਪੱਖੀ ਵਤੀਰੇ ਨੂੰ ਹਾਂਪਖੀ ਅਤੇ ਉਦਯੋਗ ਪੱਖੀ ਦੱਸਿਆ ਜਿਸ ਕਾਰਨ ਉਹ ਪਿਛਲੇ ਇਕ ਦਹਾਕੇ ਦੀ ਥਾਂ ’ਤੇ ਪਿਛਲੇ ਛੇ ਮਹੀਨਿਆਂ ਵਿੱਚ ਕੁੱਝ ਕਰਨ ਦੇ ਸਮਰੱਥ ਹੋਏ ਹਨ। ਪਿਛਲੇ 10 ਸਾਲਾਂ ਦੌਰਾਨ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਪੰਜਾਬ ਵਿੱਚ ਛੇਵੀਂ ਸ਼੍ਰੇਣੀ ਦੇ ਨਾਗਰਿਕਾਂ ਵਰਗਾ ਵਿਹਾਰ ਹੁੰਦਾ ਰਿਹਾ ਹੈ। ਉਨਾਂ ਨੂੰ ਅਫਸਰਸ਼ਾਹਾਂ ਅਤੇ ਸਿਆਸਤਦਾਨਾਂ ਵੱਲੋਂ ਪ੍ਰੇਸ਼ਾਨ ਕੀਤਾ ਗਿਆ ਹੈ ਅਤੇ ਉਨਾਂ ਨੂੰ ਨੌਕਰੀ ਪੈਦਾ ਕਰਨ ਦੀ ਆਗਿਆ ਨਹੀਂ ਦਿੱਤੀ।
ਸ੍ਰੀ ਫ੍ਰੈਡ ਨੇ ਪਿਛਲੀ ਸਰਕਾਰ ਨਾਲ ਹੋਏ ਚਿੱਠੀ-ਪੱਤਰ ਦਾ ਵੀ ਜ਼ਿਕਰ ਕੀਤਾ ਜਿਸ ਬਾਰੇ ਕੋਈ ਵੀ ਹੁੰਗਾਰਾ ਨਹੀਂ ਭਰਿਆ ਗਿਆ। ਉਨਾਂ ਕਿਹਾ ਕਿ ਸਾਰੇ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਇਸੇ ਤਰਾਂ ਦਾ ਹੀ ਸਾਹਮਣਾ ਕਰਨਾ ਪਿਆ ਹੈ ਜਿਸ ਕਾਰਨ ਸੂਬਾ ਇਕ ਨੰਬਰ ਤੋਂ ਤਿਲਕ ਕੇ ਇਕ ਦਹਾਕੇ ਵਿੱਚ ਬਹੁਤ ਹੇਠਲੀ ਥਾਂ ’ਤੇ ਆ ਗਿਆ ਹੈ। ਸ੍ਰੀ ਫ੍ਰੈਡ ਨੇ ਗ੍ਰਾਹਕਾਂ ਨੂੰ ਆਕਰਸ਼ਿਤ ਕਰਨ ਲਈ ਮੋਹਾਲੀ ਨੂੰ ਇਕ ਸ਼ਕਤੀਸ਼ਾਲੀ ਸਥਾਨ ਵਜੋਂ ਉਭਾਰਨ ਦਾ ਸੁਝਾਅ ਦਿੱਤਾ।