ਨਵੀਂ ਦਿੱਲੀ, 5 ਸਤੰਬਰ

ਭਾਜਪਾ ਨੇ ਡੀਐੱਮਕੇ ਆਗੂ ਉਦੈਨਿਧੀ ਸਟਾਲਿਨ ਵੱਲੋੋਂ ‘ਸਨਾਤਨ ਧਰਮ’ ਬਾਰੇ ਕੀਤੀਆਂ ਟਿੱਪਣੀਆਂ ਲਈ ਇੰਡੀਆ ਗੱਠਜੋੜ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਾਂਗਰਸ ਨੂੰ ਸਵਾਲ ਕੀਤਾ ਕਿ ਕੀ ਗੱਠਜੋੜ ਦੇ ਆਗੂ ਧਰਮ ਨੂੰ ਨਿਸ਼ਾਨਾ ਬਣਾਉਣ ਲਈ ਹੀ ਮੁੰਬਈ ਵਿੱਚ ਇਕੱਠੇ ਹੋਏ ਸਨ। ਭਾਜਪਾ ਨੇ ਜ਼ੋਰ ਦੇ ਕੇ ਆਖਿਆ ਕਿ ਵਿਰੋਧੀ ਧਿਰਾਂ ਹਿੰਦੂ ਭਾਵਨਾਵਾਂ ਨਾਲ ਨਾ ਖੇਡਣ।

ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ.ਸਟਾਲਿਨ ਦੇ ਪੁੱਤਰ ਵੱਲੋਂ ਕੀਤੀਆਂ ਟਿੱਪਣੀਆਂ ਸ਼ਰਮਨਾਕ ਤੇ ਹੈਰਾਨ ਕਰਨ ਵਾਲੀਆਂ ਹਨ। ਪ੍ਰਸਾਦ ਨੇ ਕਿਹਾ ਕਿ ਕਾਂਗਰਸ ਐੱਮਪੀ ਕਾਰਤੀ ਚਿਦੰਬਰਮ, ਜਿਸ ਦੇ ਪਿਤਾ ਤੇ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਭ੍ਰਿਸ਼ਟਾਚਾਰ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ, ਵੱਲੋਂ ਉਦੈਨਿਧੀ ਦੀ ਮਦਦ ਕੀਤੀ ਜਾ ਰਹੀ ਹੈ। ਪ੍ਰਸਾਦ ਨੇ ਕਿਹਾ, ‘‘ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ, ਨਿਤੀਸ਼ ਕੁਮਾਰ, ਮਮਤਾ ਬੈਨਰਜੀ ਚੁੱਪ ਕਿਉਂ ਹਨ? ਕੀ ਤੁਸੀਂ ਵੋਟਾਂ ਲਈ ਹਿੰਦੂ ਭਾਵਨਾਵਾਂ ਨਾਲ ਖੇਡ ਰਹੇ ਹੋ? ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੈਂਕੜੇ ਸਾਲਾਂ ਦਾ ਇਸਲਾਮਿਕ ਸ਼ਾਸਨ ਵੀ ਸਨਾਤਨ ਧਰਮ ਨੂੰ ਖ਼ਤਮ ਨਹੀਂ ਕਰ ਸਕਿਆ ਤੇ ਬਰਤਾਨਵੀ ਸਾਮਰਾਜ ਵਿੱਚ ਵੀ ਇਸ ਵਿੱਚ ਨਾਕਾਮ ਰਿਹਾ।’’ ਉਨ੍ਹਾਂ ਕਿਹਾ ਕਿ ਰਿਸ਼ੀ ਸੂਨਕ ਐਲਾਨੀਆ ਸਨਾਤਨੀ ਹਨ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਵਿਰੋਧੀ ਧਿਰਾਂ ਨੂੰ ਘੇਰਦਿਆਂ ਕਾਂਗਰਸ ਨੂੰ ਸਵਾਲ ਕੀਤਾ ਕਿ ਕੀ ਇੰਡੀਆ ਗੱਠਜੋੜ ਸਨਾਤਨ ਧਰਮ ਖਿਲਾਫ਼ ਤੇ ਇਸ ਨੂੰ ਪੂਰੇ ਦੇਸ਼ ਵਿਚ ਕਿਵੇਂ ਖ਼ਤਮ ਕਰਨਾ ਹੈ, ਬਾਰੇ ਏਜੰਡਾ ਫਾਈਨਲ ਕਰਨ ਲਈ ਹੀ ਮੁੰਬਈ ਵਿੱਚ ਇਕੱਤਰ ਹੋਇਆ ਸੀ। ਉਨ੍ਹਾਂ ਕਾਂਗਰਸ ਆਗੂ ਕੇ.ਸੀ.ਵੇਣੂਗੋਪਾਲ ’ਤੇ ਧਰਮ ਖਿਲਾਫ਼ ਜ਼ਹਿਰ ਉਗਲਣ ਦਾ ਦੋਸ਼ ਲਾਉਂਦਿਆਂ ਕਿਹਾ, ‘‘ਕੀ ਇਹੀ ਤੁਹਾਡੀ ‘ਮੁਹੱਬਤ ਕੀ ਦੁਕਾਨ’ ਹੈ।

ਇਕ ਹੋਰ ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ ਨੇ ਕਿਹਾ ਕਿ ਸਨਾਤਨ ਧਰਮ ’ਤੇ ਹਮਲਾ, ਵਿਰੋਧੀ ਪਾਰਟੀਆਂ ਵੱਲੋਂ ਮੁੰਬਈ ਵਿੱਚ ਘੜੀ ਸਾਜ਼ਿਸ਼ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਹੋਣ ਜਾਂ ਫਿਰ ਅਰਵਿੰਦ ਕੇਜਰੀਵਾਲ, ਜੋ ਮੰਦਿਰਾਂ ਵਿੱਚ ਜਾ ਕੇ ਤਸਵੀਰਾਂ ਖਿਚਵਾਉਂਦੇ ਹਨ, ਦੀ ਖਾਮੋਸ਼ੀ ਸਭ ਕੁਝ ਬੋਲ ਰਹੀ ਹੈ।