ਨਵੀਂ ਦਿੱਲੀ, 29 ਜੁਲਾਈ
ਕਾਂਗਰਸ ਨੇ ਵਿਦੇਸ਼ ਮੰਤਰੀ ਵੱਲੋਂ ਕੀਤੇ ਦਾਅਵੇ ਕਿ ਪਿਛਲੇ ਸਾਲ ਬਾਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਇੱਕ ਦੂਜੇ ਨਾਲ ਸ਼ਿਸ਼ਟਾਚਾਰ ਵਜੋਂ ਮੁਲਾਕਾਤ ਕੀਤੀ ਗਈ ਸੀ, ਦੇ ਹਵਾਲੇ ਨਾਲ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਭਾਰਤ ਤੇ ਚੀਨ ਦਰਮਿਆਨ ਸਰਹੱਦੀ ਵਿਵਾਦ ਸੁਲਝ ਗਿਆ ਹੈ? ਕਾਂਗਰਸ ਨੇ ਇਹ ਸਵਾਲ ਵੀ ਕੀਤਾ ਕਿ ਕੀ ਚੀਨੀ ਸੈਨਿਕ ਹੁਣ ਲੱਦਾਖ ਵਿਚਲੇ ਦੇਪਸਾਂਗ ਤੇ ਡੈਮਚੋਕ ਤੋਂ ਪਿੱਛੇ ਹੱਟ ਜਾਣਗੇ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰਕੇ ਦਾਅਵਾ ਕੀਤਾ, ‘19 ਜੂਨ 2020 ਨੂੰ ਪ੍ਰਧਾਨ ਮੰਤਰੀ ਨੇ ਜਨਤਕ ਤੌਰ ’ਤੇ ਚੀਨ ਨੂੰ ਕਲੀਨ ਚਿੱਟ ਦਿੱਤੀ ਸੀ। ਉਸ ਤੋਂ ਬਾਅਦ ਮੋਦੀ ਸਰਕਾਰ ਚੀਨ ਨੂੰ ਲੈ ਕੇ ਸਖਤ ਕਦਮ ਚੁੱਕਣ ਦੀ ਗੱਲ ਕਰਦੀ ਰਹੀ ਹੈ। ਸਰਕਾਰ ਵਾਰ-ਵਾਰ ਇਹ ਦਿਖਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਉਦੋਂ ਤੋਂ ਕਿਸੇ ਵੀ ਤਰ੍ਹਾਂ ਦੀ ਸਾਰਥਕ ਗੱਲਬਾਤ ਜਾਂ ਸਮਝੌਤਾ ਨਹੀਂ ਹੋਇਆ ਹੈ ਜਦੋਂ ਤੋਂ ਚੀਨੀ ਸੈਨਿਕ ਪਿਛਲੇ ਐੱਲਏਸੀ ਸਮਝੌਤਿਆਂ ਦੀ ਉਲੰਘਣਾ ਕਰ ਰਹੇ ਹਨ।’
ਉਨ੍ਹਾਂ ਕਿਹਾ, ‘16 ਨਵੰਬਰ 2022 ਨੂੰ ਮੋਦੀ ਸਰਕਾਰ ਨੇ ਬਾਲੀ ’ਚ ਦੋਵਾਂ ਆਗੂਆਂ ਵਿਚਾਲੇ ਰਾਤਰੀ ਭੋਜ ’ਤੇ ਹੋਈ ਗੱਲਬਾਤ ਨੂੰ ਵੀ ਸਿਰਫ਼ ਸ਼ਿਸ਼ਟਾਚਾਰ ਮੁਲਾਕਾਤ ਵਜੋਂ ਦਰਸਾਇਆ ਸੀ ਪਰ 25 ਜੁਲਾਈ 2023 ਨੂੰ ਚੀਨੀ ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ’ਚ ਬਾਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਜਿਨਪਿੰਗ ਵਿਚਾਲੇ ਬਣੀ ਇੱਕ ਅਹਿਮ ਸਹਿਮਤੀ ਦਾ ਜ਼ਿਕਰ ਕੀਤਾ ਗਿਆ ਹੈ।’ ਉਨ੍ਹਾਂ ਸਵਾਲ ਕੀਤਾ, ‘27 ਜੁਲਾਈ ਨੂੰ ਸਾਡੇ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਬਾਲੀ ’ਚ ਦੋਵਾਂ ਆਗੂਆਂ ਵਿਚਾਲੇ ਸ਼ਿਸ਼ਟਾਚਾਰ ਵਜੋਂ ਮੁਲਾਕਾਤ ਤੋਂ ਇਲਾਵਾ ਵੀ ਬਹੁਤ ਕੁਝ ਹੋਇਆ ਸੀ। ਕੀ ਇਹ ਸਹਿਮਤੀ ਹੈ ਜਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਚੀਨ ਨੂੰ ਦਿੱਤੀ ਗਈ ਛੋਟ?’ ਕੀ ਚੀਨੀ ਸੈਨਿਕ ਦੇਪਸਾਂਗ ਤੇ ਡੈਮਚੋਕ ਤੋਂ ਪਿੱਛੇ ਹੱਟ ਜਾਣਗੇ?