ਕੀਨੀਆ ਦੇ ਨਿਆਹੁਰੂਰੂ ਖੇਤਰ ਵਿੱਚ ਸੈਲਾਨੀਆਂ ਨਾਲ ਭਰੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਕੇਰਲ ਦੇ 5 ਭਾਰਤੀ ਸੈਲਾਨੀ ਸ਼ਾਮਲ ਹਨ। ਹਾਦਸਾ ਕੀਨੀਆ ਦੇ ਨਿਆਹੁਰੂਰੂ ਵਿਚ ਓਲ ਕਾਲੂ-ਨਾਕੁਰੂ ਰੋਡ ਦੇ ਗਿਚਾਖਾ ਇਲਾਕੇ ਵਿਚ ਹੋਇਆ ਹੈ। ਹਾਦਸੇ ਸਮੇਂ ਸੈਲਾਨੀ ਨਾਕੁਰੂ ਤੋਂ ਨਿਆਹੁਰੂਰੂ ਦੇ ਇਕ ਰਿਜ਼ਾਰਟ ਜਾ ਰਹੇ ਹਨ। ਹਾਦਸੇ ਵਿਚ 27 ਜ਼ਖਮੀ ਹੋਏ ਹਨ। ਨੈਰੋਬੀ ਸਥਿਤ ਭਾਰਤੀ ਦੂਤਘਰ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦੇ ਸੰਪਰਕ ਵਿਚ ਹਨ।

ਰਿਪੋਰਟ ਮੁਤਾਬਕ ਸੈਲਾਨੀਆਂ ਨੂੰ ਲਿਜਾ ਰਹੀ ਬੱਸ ਨੇ ਭਾਰੀ ਮੀਂਹ ਵਿਚ ਢਲਾਣ ‘ਤੇ ਇਕ ਮੋੜ ‘ਤੇ ਸੰਤੁਲਨ ਗੁਆ ਬੈਠੀ ਤੇ ਖੇਤ ਵਿਚ ਉਤਰਨ ਤੋਂ ਪਹਿਲਾਂ ਹੀ ਕਈ ਵਾਰ ਪਲਟ ਗਈ। ਹਾਦਸੇ ਦੇ ਬਾਅਦ ਬੱਸ ਦੀ ਛੱਤ ਉਡ ਗਈ ਤੇ ਯਾਤਰੀ ਬਾਹਰ ਆ ਕੇ ਡਿੱਗੇ। 6 ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦੋਂ ਕਿ ਕੁਝ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਬੱਸ ਵਿਚ ਕਤਰ ਤੋਂ ਆਇਆ ਸੈਲਾਨੀਆਂ ਦਾ ਗਰੁੱਪ ਸਵਾਰ ਸੀ ਜੋ ਬਕਰੀਦ ਦੀ ਛੁੱਟੀ ਮਨਾਉਣ ਕੀਨੀਆ ਆਇਆ ਸੀ।
ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਵਿਚ ਕੇਰਲ ਦੇ ਪਲੱਕੜ ਵਿਚ ਮਨੂਰ ਦੀ ਰਿਆ (41) ਤੇ ਉਨ੍ਹਾਂ ਦੀ 7 ਸਾਲਾ ਧੀ (ਡਾਇਰਾ), ਥਿਰੂਵੱਲਾ ਦੀ ਗੀਤਾ ਸ਼ੋਜੀ ਇਸਾਕ, ਤ੍ਰਿਸ਼ੂਰ ਦੇ ਵੇਂਗਿਨਿਸਰੀ ਦੀ ਜਸਨਾ ਕੁੱਟਿਕੱਟੁਚਲਿਲ (29) ਅਤੇ ਉਸਦੀ ਡੇਢ ਮਹੀਨੇ ਦੀ ਧੀ ਰੂਹੀ ਮਹਿਰੀਨ ਸ਼ਾਮਲ ਹੈ। ਜ਼ਖਮੀਆਂ ਵਿਚ 14 ਮਲਿਆਲੀ ਹਨ ਜਿਨ੍ਹਾਂ ਵਿਚ ਰਿਆ ਦੇ ਪਤੀ ਜੋਸੇਫ ਤੇ ਪੁੱਤ ਟ੍ਰੈਵਿਸ ਵੀ ਸ਼ਾਮਲ ਹੈ।