ਕੈਨੇਡਾ ਦੀ ਸੰਸਦ ਵਿੱਚ ਭਾਸ਼ਨ ਰਾਹੀਂ ਸਰਕਾਰ ਦੀਆਂ ਨੀਤੀਆਂ ਦਾ ਕੀਤਾ ਖੁਲਾਸਾ
ਕੈਨੇਡਾ ਵਿੱਚ ਸਟੱਡੀ ਤੇ ਵਰਕ ਪਰਮਿਟ ਘਟਣਗੇ, ਇਮੀਗ੍ਰੇਸ਼ਨ ਲਈ ਯੋਗਤਾ ਨੂੰ ਮਿਲੇਗਾ ਮਹੱਤਵ
ਟੋਰਾਂਟੋ (ਬਲਜਿੰਦਰ ਸੇਖਾ)- ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਸੱਦੇ `ਤੇ ਬਰਤਾਨਵੀ ਮਹਾਰਾਜਾ ਅਤੇ ਕੈਨੇਡਾ ਦੇ ਸੰਵਿਧਾਨਕ ਮੁਖੀ (ਰਾਜਾ) ਕਿੰਗ ਚਾਰਲਸ-ਤੀਸਰੇ ਨੇ ਅੱਜ ਆਪਣੀ ਸਰਕਾਰੀ ਫੇਰੀ ਦੌਰਾਨ ਸੰਸਦ ਦੇ ਹੇਠਲੇ ਸਦਨ ਸੈਨੇਟ ਵਿੱਚ ਥਰੋਨ ਸਪੀਚ (ਰਾਸ਼ਟਰਪਤੀ ਦਾ ਭਾਸ਼ਨ) ਪੜ੍ਹਿਆ ਜਿਸ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਰਕਾਰ ਦੀਆਂ ਨੀਤੀਆਂ ਦਾ ਖੁਲਾਸਾ ਕੀਤਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਕੈਨੇਡਾ ਨੂੰ ਆਪਣੇ ਦੇਸ਼ ਵਿੱਚ ਸ਼ਾਮਿਲ ਕਰਨ ਦੀ ਲਗਾਤਾਰ ਮਿਲ਼ ਰਹੀ ਚੁਣੌਤੀ ਦੇ ਸੰਦਰਭ ਵਿੱਚ ਕੈਨੇਡਾ ਦੀ ਆਜਾਦ ਹਸਤੀ ਦਾ ਜਿਕਰ ਕਰਦਿਆਂ ਉਨ੍ਹਾਂ ਆਖਿਆ ਕਿ ਅਸਲੀ ਉੱਤਰ (ਕੈਨੇਡਾ) ਅਜਾਦ ਦੇਸ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਮੌਕੇ ਤੇ ਹਾਜ਼ਰ ਕੈਨੇਡਾ ਦੀ ਗਵਰਨਰ ਜਨਰਲ ਮੈਰੀ ਸਾਈਮਨ, ਪ੍ਰਧਾਨ ਮੰਤਰੀ ਕਾਰਨੀ, ਅਤੇ ਦੋਵਾਂ ਸਦਨਾਂ ਦੇ ਸੰਸਦ ਮੈਂਬਰਾਂ ਨੇ ਤਾੜੀਆਂ ਵਜਾ ਕੇ ਮਹਾਰਾਜਾ ਦਾ ਧੰਨਵਾਦ ਕੀਤਾ। ਮਹਾਰਾਜਾ ਚਾਰਲਸ-ਤੀਸਰੇ ਨੇ ਕੈਨੇਡਾ ਵਾਸੀਆਂ ਦਾ ਜੀਵਨ ਸੌਖਾ ਕਰਨ ਲਈ ਸਰਕਾਰ ਵਲੋਂ ਟੈਕਸ ਕਟੌਤੀ, ਜੁਰਮ ਰੋਕਣ ਲਈ ਕਾਨੂੰਨੀ ਸਖਤੀਆਂ, ਅਮਨ, ਵਾਤਾਵਰਨ ਦੀ ਸਾਂਭ, ਅਤੇ ਵਿਓਪਾਰ `ਚ ਵਾਧੇ ਲਈ ਦੇਸ਼ ਵਿੱਚ ਪ੍ਰਾਂਤਾਂ ਦੀ ਆਪਸੀ ਅਤੇ ਵਿਦੇਸ਼ਾਂ ਨਾਲ਼ ਭਾਈਵਾਲੀ ਵਧਾਉਣ ਦਾ ਉਚੇਚਾ ਜਿਕਰ ਕੀਤਾ। ਉਨ੍ਹਾਂ ਆਖਿਆ ਕਿ ਅਮਰੀਕਾ ਨਾਲ਼ ਕੈਨੇਡਾ ਦੇ ਵਿਓਪਾਰਕ ਅਤੇ ਰੱਖਿਆ ਸਬੰਧ ਆਪਸੀ ਗੱਲਬਾਤ ਅਤੇ ਸੂਝ ਨਾਲ਼ ਲੀਹਸਿਰ ਕਰਨ ਦੇ ਯਤਨ ਜਾਰੀ ਹਨ। ਪ੍ਰਧਾਨ ਮੰਤਰੀ ਕਾਰਨੀ ਵਲੋਂ ਅਮਰੀਕਾ ਨਾਲ਼ ਗੱਲਬਾਤ ਰਾਹੀਂ ਰੱਖਿਆ ਅਤੇ ਵਿਓਪਾਰਕ ਸਮਝੌਤੇ ਨੇਪਰੇ ਚਾੜ੍ਹਨ ਨੂੰ ਵੀ ਪਹਿਲ ਦਿੱਤੀ ਜਾ ਰਹੀ ਹੈ। ਦੇਸ਼ ਦੇ ਹਾਲਾਤਾਂ ਮੁਤਾਬਿਕ ਵਿਦੇਸ਼ੀਆਂ ਲਈ ਸਟੱਡੀ ਅਤੇ ਵਰਕ ਪਰਮਿਟ ਦੀ ਗਿਣਤੀ ਘਟਾ ਕੇ ਪੱਕੀ ਇਮੀਗ੍ਰੇਸ਼ਨ ਲਈ ਯੋਗਤਾ ਪ੍ਰਾਪਤ ਮਾਹਿਰਾਂ ਨੂੰ ਪਹਿਲ ਦਿੱਤੇ ਜਾਣ ਦੀ ਗੱਲ ਵੀ ਮਹਾਰਾਜਾ ਨੇ ਆਪਣੇ ਭਾਸ਼ਨ ਵਿੱਚ ਕੀਤੀ। ਮਹਾਰਾਜਾ ਦੀ 24 ਕੁ ਘੰਟਿਆਂ ਦੀ ਕੈਨੇਡਾ ਫੇਰੀ ਦੌਰਾਨ ਰਾਜਧਾਨੀ ਓਟਾਵਾ ਵਿਖੇ ਮੇਲੇ ਵਰਗਾ ਮਾਹੌਲ ਰਿਹਾ ਅਤੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਜੂਦ ਵੱਡੀ ਗਿਣਤੀ ਵਿੱਚ ਲੋਕਾਂ ਨੇ ਸੜਕਾਂ `ਤੇ ਨਿਕਲ਼ ਕੇ ਉਨ੍ਹਾਂ ਨੂੰ ਦੇਖਣ ਦੀ ਕੋਸ਼ਿਸ਼ ਕੀਤੀ। ਦੇਸ਼ ਭਰ ਵਿੱਚ ਮਹਾਰਾਜਾ ਦੀ ਫੇਰੀ ਨੂੰ ਬੜੀ ਮਹੱਤਤਾ ਨਾਲ਼ ਲਿਆ ਗਿਆ ਅਤੇ ਉਨ੍ਹਾਂ ਦੇ ਕੈਨੇਡਾ ਵਿੱਚ ਆਉਣ ਤੋਂ ਲੋਕ ਇਸ ਕਰਕੇ ਵੀ ਵਿਸ਼ੇਸ਼ ਪ੍ਰਭਾਵਿਤ ਹੋਏ ਹਨ ਕਿ ਅਮਰੀਕੀ ਦਬਾਓ ਦਾ ਸਾਹਮਣਾ ਕਰਨ ਲਈ ਕੈਨੇਡਾ ਨਾਲ਼ ਆਪਣਾ ਭਾਈਵਾਲ ਦੇਸ਼ ਖੜ੍ਹਾ ਹੈ।