ਨਵੀਂ ਦਿੱਲੀ, 15 ਨਵੰਬਰ
ਰਾਜਸਥਾਨ ਰਾਇਲਜ਼ ਨੇ ਵੀਰਵਾਰ ਨੂੰ ਆਈਪੀਐੱਲ ਦੀ ਖਿਡਾਰੀਆਂ ਦੀ ‘ਟਰਾਂਸਫਰ ਵਿੰਡੋ’ ਖ਼ਤਮ ਹੋਣ ਤੋਂ ਪਹਿਲਾਂ ਗੇਂਦਬਾਜ਼ੀ ਦੇ ਆਲਰਾਊਂਡਰ ਕੇ ਗੌਤਮ ਨੂੰ ਕਿੰਗਜ਼ ਇਲੈਵਨ ਪੰਜਾਬ ਨੂੰ ਦੇਣ ’ਤੇ ਸਹਿਮਤੀ ਦਿੱਤੀ। ਰਾਇਲਜ਼ ਨੇ 2018 ਦੀ ਨਿਲਾਮੀ ’ਚ ਗੌਤਮ ਨੂੰ ਛੇ ਕਰੋੜ 20 ਲੱਖ ਰੁਪਏ ’ਚ ਲਿਆ ਸੀ। ਉਸ ਨੇ 2018 ’ਚ 15 ਜਦੋਂਕਿ 2019 ’ਚ ਸੱਤ ਮੈਚ ਖੇਡੇ।
ਗੌਤਮ ਲਈ 2019 ਦਾ ਸੈਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਜਿਸ ’ਚ ਉਹ ਸੱਤ ਮੈਚਾਂ ’ਚ ਸਿਰਫ਼ 18 ਦੌੜਾਂ ਬਣਾ ਸਕਿਆ ਜਦੋਂਕਿ ਉਸ ਨੂੰ ਸਿਰਫ਼ ਇਕ ਵਿਕਟ ਮਿਲਿਆ। ਇਸ 31 ਸਾਲਾ ਕ੍ਰਿਕਟਰ ਨੇ 2018 ਸੈਸ਼ਨ ’ਚ 15 ਮੈਚਾਂ ਵਿੱਚ 126 ਦੌੜਾਂ ਬਣਾਉਣ ਤੋਂ ਇਲਾਵਾ 11 ਵਿਕਟਾਂ ਲਈਆਂ ਸਨ। ਰਵੀਚੰਦਰਨ ਅਸ਼ਵਿਨ ਨੂੰ ਦਿੱਲੀ ਕੈਪੀਟਲਜ਼ ਨੂੰ ਸੌਂਪਣ ਤੋਂ ਬਾਅਦ ਪੰਜਾਬ ਦੀ ਟੀਮ ਨੂੰ ਸਪਿੰਨ ਬਦਲ ਦੀ ਭਾਲ ਸੀ।
ਕਿੰਗਜ਼ ਇਲੈਵਨ ਪੰਜਾਬ ਨੂੰ ਆਸ ਹੋਵੇਗੀ ਕਿ ਕਰਨਾਟਕ ਦਾ ਇਹ ਆਲਰਾਊਂਡਰ 2020 ਸੈਸ਼ਨ ’ਚ ਚੰਗਾ ਪ੍ਰਦਰਸ਼ਨ ਕਰਨ ’ਚ ਸਫ਼ਲ ਰਹੇਗਾ। ਇਸੇ ਤਰ੍ਹਾਂ ਰਾਜਸਥਾਨ ਰਾਇਲਜ਼ ਨੇ ਆਪਣੇ ਖਿਡਾਰ ਭਾਰਤੀ ਉਪ ਕਪਤਾਨ ਅਜਿੰਕਿਆ ਰਹਾਣੇ ਨੂੰ ਦਿੱਲੀ ਕੈਪੀਟਲਜ਼ ਨੂੰ ਦੇ ਕੇ ਬਦਲੇ ਵਿੱਚ ਲੈੱਗ ਸਪਿੰਨਰ ਮਯੰਕ ਮਾਰਕੰਡੇ ਅਤੇ ਗੇਂਦਬਾਜ਼ੀ ਦੇ ਆਲਰਾਊਂਡਰ ਰਾਹੁਲ ਤਿਵੇਤੀਆ ਨੂੰ ਲਿਆ ਹੈ।