ਨਵੀਂ ਦਿੱਲੀ, 23 ਨਵੰਬਰ
ਭਾਰਤੀ ਖਿਡਾਰੀ ਰੋਹਿਤ ਸ਼ਰਮਾ ਨੇ ਟੈਸਟ ਸਲਾਮੀ ਬੱਲੇਬਾਜ਼ ਵਜੋਂ ਸ਼ਾਨਦਾਰ ਭੂਮਿਕਾ ਨਿਭਾਈ ਹੈ ਅਤੇ ਆਸਟਰੇਲੀਆ ਖ਼ਿਲਾਫ਼ ਟੈਸਟ ਲੜੀ ਵਿੱਚ ਉਹ ਟੀਮ ਮੈਨੇਜਮੈਂਟ ਦੀ ਇੱਛਾ ਮੁਤਾਬਕ ਬੱਲੇਬਾਜ਼ੀ ਕ੍ਰਮ ਵਿੱਚ ਆਪਣੀ ਥਾਂ ਨਾਲ ਸਮਝੌਤਾ ਕਰਨ ਲਈ ਤਿਆਰ ਹੈ। ਸੀਨੀਅਰ ਬੱਲੇਬਾਜ਼ ਸ਼ਰਮਾ ਨੂੰ ਕਪਤਾਨ ਵਿਰਾਟ ਕੋਹਲੀ ਦੇ ਭਾਰਤ ਪਰਤਣ ਮਗਰੋਂ ਟੈਸਟ ਉਪ ਕਪਤਾਨ ਅਜਿੰਕਿਆ ਰਹਾਣੇ ਅਤੇ ਚੇਤੇਸ਼ਵਰ ਪੁਜਾਰਾ ਨਾਲ ਵੱਡੀ ਭੂਮਿਕਾ ਨਿਭਾਉਣ ਦੀ ਉਮੀਦ ਹੈ। ਪਹਿਲੇ ਬੱਚੇ ਦਾ ਬਾਪ ਬਣਨ ਜਾ ਰਿਹਾ ਕੋਹਲੀ ਸ਼ੁਰੂਆਤੀ ਟੈਸਟ ਮਗਰੋਂ ਦੇਸ਼ ਪਰਤ ਆਵੇਗਾ।
ਰੋਹਿਤ ਨੇ ਕਿਹਾ, ‘‘ਮੈਂ ਤੁਹਾਨੂੰ ਉਹੀ ਕਹਾਂਗਾ, ਜੋ ਮੈਂ ਸਾਰਿਆਂ ਨੂੰ ਕਿਹਾ ਹੈ ਜਿੱਥੇ ਵੀ ਟੀਮ ਚਾਹੁੰਦੀ ਹੈ, ਮੈਂ ਉਥੇ ਬੱਲੇਬਾਜ਼ੀ ਕਰਨ ਲਈ ਤਿਆਰ ਹਾਂ, ਪਰ ਮੈਨੂੰ ਨਹੀਂ ਪਤਾ ਕਿ ਉਹ ਸਲਾਮੀ ਬੱਲੇਬਾਜ਼ ਵਜੋਂ ਮੇਰੀ ਭੂਮਿਕਾ ਬਦਲਣਗੇ ਜਾਂ ਨਹੀਂ।’’ ਰੋਹਿਤ ਦਾ ਮੰਨਣਾ ਹੈ ਕਿ ਜਦੋਂ ਤੱਕ ਉਹ ਬੰਗਲੌਰ ਵਿੱਚ ਕੌਮੀ ਕ੍ਰਿਕਟ ਅਕਾਦਮੀ (ਐੱਨਸੀਏ) ਵਿੱਚ ਸਿਖਲਾਈ ਮਗਰੋਂ ਆਸਟਰੇਲੀਆ ਪਹੁੰਚੇਗਾ, ਉਦੋਂ ਤੱਕ ਟੀਮ ਮੈਨੇਜਮੈਂਟ ਨੇ ਉਸ ਦੀ ਭੂਮਿਕਾ ਤੈਅ ਕਰ ਲਈ ਹੋਵੇਗੀ।