ਮੁੰਬਈ, 5 ਜੁਲਾਈ
ਬੌਲੀਵੁੱਡ ਅਦਾਕਾਰ ਅਤੇ ਸਮਾਜਿਕ ਕਾਰਕੁਨ ਸੋਨੂ ਸੂਦ ਨੇ ਅੱਜ ਸੋਸ਼ਲ ਮੀਡੀਆ ’ਤੇ ਸੁਝਾਅ ਦਿੱਤਾ ਕਿ ਮੌਜੂਦਾ ਸਮੇਂ ਵਿੱਚ ਜੇਕਰ ਕੋਈ ਸਭ ਤੋਂ ਵੱਡਾ ਦਾਨ ਕਰ ਸਕਦਾ ਹੈ ਉਹ ਹੈ ਹੋਰ ਲੋਕਾਂ ਨੂੰ ਨੌਕਰੀ ਦੇਣਾ। ਅਦਾਕਾਰ ਨੇ ਟਵੀਟ ਕਰਕੇ ਆਖਿਆ ਕਿ ਭਾਰਤ ਵਿੱਚ ਅੱਜ ਦੇ ਸਮੇਂ ਦੌਰਾਨ ਜੇਕਰ ਤੁਸੀਂ ਸਭ ਤੋਂ ਵੱਡਾ ਦਾਨ ਕਰ ਸਕਦੇ ਹੋ ਉਹ ਹੈ ਰੁਜ਼ਗਾਰ। ਅਦਾਕਾਰ ਦਾ ਟਵੀਟ ਉਸ ਸਮੇਂ ਆਇਆ ਜਦੋਂ ਕਰੋਨਾਵਾਇਰਸ ਕਾਰਨ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਦੌਰਾਨ ਵੱਡੀ ਗਿਣਤੀ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ ਅਤੇ ਉਹ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਜੂਝ ਰਹੇ ਹਨ। ਹਾਲ ਹੀ ਵਿੱਚ ਸੋਨੂ ਸੂਦ ਨੇ ਆਪਣੀ ‘ਚੈਰਿਟੀ ਫਾਊਂਡੇਸ਼ਨ’ ਰਾਹੀਂ ਸੀ.ਏ. ਦੀ ਪੜ੍ਹਾਈ ਮੁਫ਼ਤ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ। ਇਹ ਮੁਹਿੰਮ ਸ਼ੁਰੂ ਕਰਨ ਲਈ ਉਸ ਦਾ ਮਕਸਦ ਸੀ ਹੁਨਰਮੰਦ ਵਿਦਿਆਰਥੀਆਂ ਨੂੰ ਮੁਫ਼ਤ ਸਿਖਲਾਈ ਦੇਣਾ ਤਾਂ ਕਿ ਉਹ ਰੁਜ਼ਗਾਰ ਪ੍ਰਾਪਤ ਕਰ ਸਕਣ। ਸੋਨੂ ਨੇ ਆਖਿਆ,‘‘ਭਾਰਤੀ ਅਰਥਚਾਰੇ ਨੂੰ ਪੈਰਾਂ-ਸਿਰ ਕਰਨ ਲਈ ਸਾਨੂੰ ਸੀ.ੲੇ. ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।’’ ਅਦਾਕਾਰ ਨੇ ਵਿਦਿਆਰਥੀਆਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਕੇਰਲ ਵਿੱਚ ਮਾੜੀ ਇੰਟਰਨੈੱਟ ਸਹੂਲਤ ਦੇ ਬਾਵਜੂਦ ਉਹ ਆਪਣੀਆਂ ਆਨਲਾਈਨ ਕਲਾਸਾਂ ਲਾਉਣੀਆਂ ਨਾ ਛੱਡਣ। ਅਦਾਕਾਰ ਨੇ ਟਵੀਟ ਕੀਤਾ ਕਿ ਕੇਰਲ ’ਚ ਮੋਬਾਈਲ ਟਾਵਰ ਲਈ ਥਾਂ ਦੀ ਭਾਲ ਸ਼ੁੁਰੂ ਹੋ ਗਈ ਹੈ ਅਤੇ ਕੋਈ ਵੀ ਵਿਦਿਆਰਥੀ ਆਪਣੀ ਆਨਲਾਈਨ ਕਲਾਸ ਲਾਉਣ ਤੋਂ ਨਾ ਖੁੰਝੇ।