ਫਿਲੌਰ, 3 ਅਕਤੂਬਰ ਇਥੇ ਰੇਲਵੇ ਸਟੇਸ਼ਨ ’ਤੇ ਕਿਸਾਨ ਜਥੇਬੰਦੀਆਂ ਵਲੋਂ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਨੇ ਕਿਹਾ ਕਿ ਹੋ ਸਕਦਾ ਕਿ ਹਾਕਮ ਇਹ ਸੋਚਦੇ ਹੋਣਗੇ ਕਿ ਕਿਸਾਨ ਪੰਜ ਸੱਤ ਦਿਨ ਧਰਨੇ ਦੇ ਕੇ ਅੱਕ ਜਾਣਗੇ ਪਰ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਹੱਥੋਂ ਚਲੀ ਜਾਏਗੀ ਉਹ ਆਪਣਾ ਸੰਘਰਸ਼ ਕਿਸੇ ਵੀ ਹਾਲਤ ’ਚ ਬੰਦ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨ ਇਸ ਰੇਲਵੇ ਸਟੇਸ਼ਨ ਨੂੰ ਹੀ ਆਪਣਾ ਘਰ ਬਣਾ ਲੈਣ, ਇਥੋਂ ਹੀ ਜੇ ਕਿਤੇ ਕੰਮ ਜਾਣਾ ਹੋਵੇ ਤਾਂ ਜਾਣ ਪਰ ਵਾਪਸ ਇਥੇ ਹੀ ਆਉਣ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੰਧੂ ਨੇ ਕਿਹਾ ਕਿ ਜੇ ਕੇਂਦਰ ਵਲੋਂ ਗੱਲਬਾਤ ਲਈ ਕੋਈ ਸੱਦਾ ਆਵੇਗਾ ਤਾਂ 31 ਜਥੇਬੰਦੀਆਂ ਵਿਚਾਰ ਕਰਨਗੀਆਂ। ਅਗਲੀ ਰਣਨੀਤੀ ਤੈਅ ਕਰਨ ਲਈ ਕਿਸਾਨ ਜਥੇਬੰਦੀਆਂ ਦੀ ਸੱਤ ਅਕਤੂਬਰ ਨੂੰ ਮੀਟਿੰਗ ਚੰਡੀਗੜ੍ਹ ’ਚ ਬੁਲਾਈ ਗਈ ਹੈ। ਅੱਜ ਦਿਨ ਭਰ ਭਾਕਿਯੂ ਦੋਆਬਾ, ਕਿਰਤੀ ਕਿਸਾਨ ਯੂਨੀਅਨ, ਭਾਕਿਯੂ ਕਾਦੀਆਂ, ਆਲ ਇੰਡੀਆ ਕਿਸਾਨ ਸਭਾ ਦੇ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਬਿਨ੍ਹਾਂ ਕਈ ਹੋਰ ਰਾਜਨੀਤਕ ਪਾਰਟੀਆਂ ਦੇ ਮੁਕਾਮੀ ਆਗੂਆਂ ਨੇ ਵੀ ਕਿਸਾਨ ਅੰਦੋਲਨ ਨੂੰ ਹੋਰ ਹੁਲਾਰਾ ਦੇਣ ਲਈ ਹਾਜ਼ਰੀ ਲਵਾਈ।