ਬੇਲਗਾਵੀ (ਕਰਨਾਟਕ), 27 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਠ ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਸਿੱਧਾ ਲਾਭ ਦੇਣ ਲਈ ਅੱਜ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ (ਪੀਐੱਮ-ਕਿਸਾਨ) ਤਹਿਤ 16,000 ਕਰੋੜ ਰੁਪਏ ਤੋਂ ਵੱਧ ਰਾਸ਼ੀ ਦੀ 13ਵੀਂ ਕਿਸ਼ਤ ਜਾਰੀ ਕੀਤੀ ਹੈ। ਇਸ ਕਿਸਾਨ ਨਿਧੀ ਸਕੀਮ ਤਹਿਤ ਯੋਗ ਕਿਸਾਨ ਪਰਿਵਾਰਾਂ ਨੂੰ ਦੋ-ਦੋ ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ 6,000 ਰੁਪਏ ਪ੍ਰਤੀ ਸਾਲ ਮੁਹੱਈਆ ਕਰਵਾਏ ਜਾ ਰਹੇ ਹਨ। ਇੱਕ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਮੁੜ ਉਸਾਰੇ ਬੇਲਗਾਵੀ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ ਅਤੇ ਇਸ ਨੂੰ ਦੇਸ਼ ਲਈ ਸਮਰਪਿਤ ਕੀਤਾ। ਉਨ੍ਹਾਂ ਨੇ ਬੇਲਗਾਵੀ ਵਿੱਚ ਕੇਂਦਰ ਦੇ ‘ਜਲ ਜੀਵਨ ਮਿਸ਼ਨ’ ਤਹਿਤ ਛੇ ਬਹੁ-ਪਿੰਡ ਸਕੀਮ ਪ੍ਰਾਜੈਕਟਾਂ ਦੇ ਨੀਂਹ ਪੱਥਰ ਵੀ ਰੱਖੇ। ਇਨ੍ਹਾਂ ਪ੍ਰਾਜੈਕਟਾਂ ’ਤੇ ਲਗਪਗ 1,585 ਕਰੋੜ ਰੁਪਏ ਖ਼ਰਚ ਹੋਣਗੇ। ਇਸ ਦਾ ਫ਼ਾਇਦਾ 315 ਤੋਂ ਵੱਧ ਪਿੰਡਾਂ ਵਿੱਚ ਰਹਿ ਰਹੇ ਕਰੀਬ 8.8 ਲੱਖ ਲੋਕਾਂ ਨੂੰ ਮਿਲੇਗਾ।