ਐੱਸ ਪੀ ਸਿੰਘ*
ਸਾਡੇ ਖਿੱਤੇ ਵਿੱਚ ਧਰਤੀ ਉੱਤੇ, ਅਤੇ ਵਟਸਐਪ, ਫੇਸਬੁੱਕ ਅਤੇ ਟਵਿੱਟਰ ਵਰਗੇ ਸਾਈਬਰ ਦੁਨੀਆ ਦੇ ਵੱਡੇ ਵੱਡੇ ‘ਦੇਸ਼ਾਂ’ ਵਿੱਚ ਘਮਸਾਣ ਦਾ ਯੁੱਧ ਚੱਲ ਰਿਹਾ ਹੈ। ਕਿਸਾਨਾਂ, ਮਜ਼ਦੂਰਾਂ, ਕਾਮਿਆਂ ਦੇ ਮੋਢੇ ਨਾਲ ਮੋਢਾ ਜੋੜ ਅਧਿਆਪਕਾਂ, ਮੁਲਾਜ਼ਮਾਂ, ਦੁਕਾਨਦਾਰਾਂ, ਬੁੱਧੀਜੀਵੀਆਂ, ਗਾਇਕਾਂ ਅਤੇ ਸਿੱਧੂ ਮੂਸੇਵਾਲਾ ਨੇ ਵੀ ਮੋਰਚੇਬੰਦੀ ਕਰ ਲਈ ਹੈ। ਉਪਰੋਂ ਭਾਵੇਂ ਸ਼ੰਭੂ ਬਾਰਡਰ ਵੀ ਜੰਗੀ ਮੁਹਾਜ਼ ਅਕਾਸਿਆ ਗਿਐ ਪਰ ਲੜਾਈ ਇਹ ਵਡੇਰੀ ਹੈ। ਰੇਲ ਦੀਆਂ ਪੱਟੜੀਆਂ, ਕੌਮੀ ਸ਼ਾਹਰਾਹਾਂ ਅਤੇ ਰੋਹ ਭਰੇ ਤਹਿਸੀਲ-ਪੱਧਰੀ ਧਰਨਿਆਂ ਵਾਲੇ ਮੁਹਾਜ਼ ਤੋਂ ਗਹਿਗੱਚ ਲੜਾਈ ਦੀਆਂ ਖ਼ਬਰਾਂ ਮਿਲ ਰਹੀਆਂ ਹਨ ਪਰ ਜੰਗ ਦੇ ਦੂਜੇ ਮੁਹਾਜ਼ ’ਤੇ ਵੀ ਕੋਈ ਘੱਟ ‘ਖ਼ੂਨ’ ਨਹੀਂ ਡੁੱਲ੍ਹ ਰਿਹਾ।
ਖੇਤੀ ਬਾਰੇ ਸਰਕਾਰੀ ਨੀਤੀਆਂ, ਵਿਸ਼ਵੀ ਪੂੰਜੀ, ਕੁਦਰਤੀ ਸਰੋਤਾਂ, ਭੋਜਨ ਅਸੁਰੱਖਿਆ, ਭੂਗੋਲਿਕ ਸੱਤਾ ਸਮੀਕਰਨ, ਮੌਸਮੀ ਤਬਦੀਲੀ, ਅਮਰੀਕੀ ਰਾਸ਼ਟਰਪਤੀ ਦੀ ਚੋਣ – ਹਰ ਜੰਗ ਹੁਣ ਸੜਕ ਦੇ ਨਾਲ ਨਾਲ ਸਕਰੀਨ ਉੱਤੇ ਵੀ ਲੜੀ ਜਾਂਦੀ ਹੈ। ਹੁਣ ਜਦੋਂ ਸਾਡੇ ਕਿਰਤੀ ਕਿਸਾਨ ਘੋਲ ਵਿੱਚ ਡੂੰਘੇ ਉਤਰ ਚੁੱਕੇ ਸਨ ਅਤੇ ਅਕਲ-ਏ-ਕੁੱਲ ਖ਼ਾਲਸ ਸ਼ਹਿਰੀਆਂ ਵੀ ਪੁੱਛਣਾ ਸ਼ੁਰੂ ਕਰ ਦਿੱਤਾ ਸੀ ਕਿ ਇਹ ਐਮਐੱਸਪੀ ਜਾਂ ਏਪੀਐਮਸੀ ਕੀ ਬਲਾ ਹੁੰਦੇ ਹਨ, ਤਾਂ ਸਕਰੀਨੀ ਮੁਹਾਜ਼ ਤੋਂ ਆ ਰਹੀ ਖ਼ਬਰ ਨੇ ਦੁਨੀਆਂ ਨੂੰ ਭੈਅਭੀਤ ਕਰ ਦਿੱਤਾ।
ਵਿਸ਼ਵ ਭਰ ਵਿੱਚ ਇਸ ਇੰਕਸ਼ਾਫ਼ ਨੇ ਖਲਬਲੀ ਮਚਾ ਦਿੱਤੀ ਹੈ ਕਿ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿੰਦੇ 20 ਤੋਂ 35 ਸਾਲ ਦੀ ਉਮਰ ਦੇ ਲਗਭਗ 50 ਗੋਰੇ ਆਦਮੀ ਹੀ ਇਹ ਤੈਅ ਕਰ ਰਹੇ ਹਨ ਕਿ 200 ਕਰੋੜ ਲੋਕ ਕੀ ਸੋਚਣ, ਕਿਸ ਧਿਰ ਨਾਲ ਖੜ੍ਹਨ, ਕਿਹੜੀ ਲੜਾਈ ਵਿੱਚ ਆਪਾ ਝੋਕ ਦੇਣ। ਗੂਗਲ, ਐੱਪਲ, ਫੇਸਬੁੱਕ, ਇੰਸਟਾਗ੍ਰਾਮ ਤਾਮੀਰ ਕਰਨ ਵਾਲੇ ਅਤੇ ਕਰੋੜਾਂ ਡਾਲਰ ਤਨਖਾਹਾਂ ਲੈਣ ਵਾਲੇ ਮਾਹਿਰ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਖੁਲਾਸੇ ਕਰ ਰਹੇ ਸਨ। ਜੈੱਫ ਔਰਲੋਸਕੀ (Jeff Orlowski) ਦੀ ਫ਼ਿਲਮ ‘The Social Dilemma’ ਨੇ ਸਾਈਬਰ ਦੁਨੀਆ ਵਿੱਚ ਲੜੀ ਜਾ ਰਹੀ ਜੰਗ ਦੇ ਮੁਹਾਜ਼ ਤੋਂ ਐਸੀਆਂ ਖ਼ਬਰਾਂ ਭੇਜੀਆਂ ਹਨ ਕਿ ਅੰਦਰਲਾ ਕੰਬ ਜਾਵੇ।
ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ, ਸੀਐੱਨਐੱਨ, ਬੀਬੀਸੀ, ਅਲ-ਜਜ਼ੀਰਾ, ਗਾਰਡੀਅਨ ਵਰਗੇ ਵੱਡੇ ਮੀਡੀਆ ਅਦਾਰਿਆਂ ਤੋਂ ਲੈ ਕੇ ਹਰ ਦੇਸ਼ ਦੇ ਨੁਮਾਇਆ ਅਖ਼ਬਾਰਾਂ, ਟੀਵੀ ਚੈਨਲਾਂ, ਯੂਨੀਵਰਸਿਟੀਆਂ ਵਿੱਚ The Social Dilemma ਨੇ ਵੱਡੀ ਬਹਿਸ ਛੇੜੀ ਹੈ। ਲੱਖਾਂ ਮਾਂ-ਬਾਪ ਨੇ ਅੱਧੀ ਰਾਤ ਨੂੰ ਉੱਠ ਬੱਚਿਆਂ ਦੇ ਫੋਨ ਲੁਕਾ ਦਿੱਤੇ ਹਨ, ਕਈਆਂ ਨੇ ਫੇਸਬੁੱਕ, ਟਵਿੱਟਰ ਉੱਤੇ ਸ਼ੱਕ ਕਰਨ ਦਾ ਫ਼ੈਸਲਾ ਕਰ ਲਿਆ ਹੈ।
ਕਿਸਾਨਾਂ-ਮਜ਼ਦੂਰਾਂ-ਕਾਮਿਆਂ ਦੇ ਅੰਦੋਲਨ ਦਾ ਸਕਰੀਨ ਵਾਲੇ ਮੀਡੀਆ ਵਿਚਲੇ ਇਸ ਵਰਤਾਰੇ ਨਾਲ ਸਿੱਧਾ ਸਬੰਧ ਹੈ; ਇੱਥੇ ਭੇੜ ਹੋਰ ਵੀ ਖ਼ੂਨੀ ਹੈ।
ਗੂਗਲ ਵਿਚ ਕੰਮ ਕਰ ਚੁੱਕੇ ਟ੍ਰਿਸਟਨ ਹੈਰਿਸ (Tristan Harris), ਜਿਸ ਦਾ ਕੰਮ Gmail ਨੂੰ ‘ਮਜ਼ੇਦਾਰ’ ਬਣਾਉਣਾ ਸੀ, ਨੇ ਖੁੱਲ੍ਹ ਕੇ ਦੱਸਿਆ ਹੈ ਕਿ ਇੱਕ ਕਮਰੇ ਵਿੱਚ ਪੂਰੇ ਆ ਜਾਣ ਵਾਲੇ ਲੋਕ ਕਿਵੇਂ ਕਰੋੜਾਂ ਦੀ ਸੋਚ ਨਿਰਧਾਰਿਤ ਕਰ ਰਹੇ ਹਨ। ਫੇਸਬੁੱਕ ਵਿੱਚ ਸ਼ੁਰੂ ਵਿੱਚ ਹੀ ਨਿਵੇਸ਼ ਕਰਨ ਵਾਲੇ ਰੋਜਰ ਮੈਕਨੇਮੀ (Roger McNamee), ਇੰਸਟਾਗ੍ਰਾਮ ਨੂੰ ਖੜ੍ਹਾ ਕਰਨ ਵਾਲੇ ਇਹਦੇ ਪਹਿਲੇ 13 ਕਰਮਚਾਰੀਆਂ ਵਿੱਚੋਂ ਇੱਕ, ਬੇਲੀ ਰਿਚਰਡਸਨ (Bailey Richardson), ਅਤੇ ਫੇਸਬੁੱਕ ਦੀ ਅਪਰੇਸ਼ਨਜ਼ ਮੈਨੇਜਰ, ਸੈਂਡੀ ਪਰਾਕੀਲਸ (Sandy Parakilas) ਨੇ ਤਮਾਮ ਸੋਸ਼ਲ ਮੀਡੀਆ ਦੇ ਕੰਮ ਕਰਨ ਦੇ ਢੰਗ ਅਤੇ ਸਾਡੇ ਦਿਮਾਗ਼ਾਂ ਉੱਤੇ ਮੁੱਠੀ ਭਰ ਲੋਕਾਂ ਦੇ ਕਬਜ਼ੇ ਬਾਰੇ ਸਵਾਲ ਚੁੱਕੇ ਹਨ। ਫੇਸਬੁੱਕ ਉੱਤੇ ਜਿਹੜਾ ‘ਲਾਈਕ’ ਵਾਲਾ ਬਟਨ ਤੁਸੀਂ ਦੱਬਦੇ ਨਹੀਂ ਥੱਕਦੇ, ਉਸ ਬਟਨ ਨੂੰ ਡਿਜ਼ਾਈਨ ਕਰਨ ਵਾਲੇ ਜਸਟਿਨ ਰੋਜ਼ਨਸਟਾਈਨ (Justin Rosenstein) ਦੇ ਕੀਤੇ ਇੰਕਸ਼ਾਫ਼ ਸੁਣੋਗੇ ਤਾਂ ਆਪਣਾ ਅੰਗੂਠਾ ਵੱਢਣ ਦਾ ਚਿੱਤ ਕਰ ਸਕਦਾ ਹੈ।
ਇਨ੍ਹਾਂ ਦਾ ਕਹਿਣਾ ਹੈ ਕਿ ਵਟਸਐਪ-ਫੇਸਬੁੱਕ-ਟਵਿੱਟਰ-ਇੰਸਟਾਗ੍ਰਾਮ ਵਰਗੇ ‘ਦੇਸ਼ਾਂ’ ਦੀਆਂ ‘ਸਰਕਾਰਾਂ’ ਨੇ ਸਾਡੇ ਦਿਮਾਗ਼ਾਂ ਦੇ ਸਰਕਟ ਨਾਲ ਛੇੜਛਾੜ ਕਰ ਦਿੱਤੀ ਹੈ। ਅਸੀਂ ‘ਸੱਚੇ ਮਨੋਂ’ ਕੀ ਸੋਚਦੇ ਹਾਂ, ਇਹ ਫ਼ੈਸਲੇ ਕਿਤੇ ਹੋਰ ਹੋ ਰਹੇ ਹਨ। ਜਿਹੜੇ ਸਾਈਬਰ ‘ਦੇਸ਼ਾਂ’ ਦੇ ਅਸੀਂ ਨਾਗਰਿਕ ਬਣ ਚੁੱਕੇ ਹਾਂ, ਉਹ ਸਾਡਾ ਹੀ ਵਣਜ ਕਰਦੇ ਹਨ। ਅਸੀਂ ਹੀ ਵਸਤ ਹਾਂ, ਸਾਨੂੰ ਹੀ ਵੇਚਿਆ-ਵੱਟਿਆ ਜਾਂਦਾ ਹੈ। ਕੌਣ ਕੀ ਪੜ੍ਹ ਰਿਹਾ ਹੈ, ਕੀ ਸੋਚ ਰਿਹਾ ਹੈ, ਕਿਸ ਘੋਲ ਵਿੱਚ ਜਾਵੇਗਾ, ਕਿਹੜੀ ਪਾਰਟੀ ਨੂੰ ਵੋਟ ਪਾਵੇਗਾ, ਕਿਸ ਨੂੰ ਚੋਰ ਆਖੇਗਾ, ਇਹ ਤੈਅ ਹੋ ਰਿਹਾ ਹੈ। ਬੱਸ ਅੰਗੂਠਾ ਸਾਡਾ ਹੈ।
ਸਾਡੇ ਦੇਸ਼ ਵਿੱਚ ਜਨ-ਸਧਾਰਨ ਦੇ ਮਨ-ਮਸਤਕ ’ਤੇ ਵੱਡੇ ਹਿੰਦੀ, ਅੰਗਰੇਜ਼ੀ ਟੀਵੀ ਚੈਨਲਾਂ ਦਾ ਕਬਜ਼ਾ ਹੈ ਜਿਨ੍ਹਾਂ ਕਿਸਾਨਾਂ, ਕਿਰਤੀਆਂ ਖ਼ਿਲਾਫ਼ ਬਣੇ ਬਿੱਲਾਂ ਵਿਰੁੱਧ ਘੋਲ ਨੂੰ ਸਾਬੋਤਾਜ ਕਰਨ ਲਈ ਖੁੱਲ੍ਹਮ-ਖੁੱਲ੍ਹਾ ਮੋਰਚਾ ਲਾ ਦਿੱਤਾ ਹੈ, ਅਤੇ ਚੀਖ-ਚੀਖ ਕੇ ਦੱਸ ਰਹੇ ਹਨ ਕਿ ਐਟਮੀ ਸ਼ਕਤੀ ਭਾਰਤ ਦੀ ਨਸ਼ਿਆਂ ਖ਼ਿਲਾਫ਼ ਮਹਾਂਭਾਰਤ ਵਾਲੀ ਜੰਗ ਵਿੱਚ ਕਿਸੇ ਬੰਬਈਆ ਫਿਲਮਾਂ ਦੇ ਅਣਜਾਣੇ ਰਹਿ ਗਏ ਕਲਾਕਾਰ ਦੇ ਟੈਲੀਫੂਨ ਵਿੱਚੋਂ ਕੁਝ ਗ੍ਰਾਮ ਨਸ਼ੇ ਬਾਰੇ ਇੱਕ ਮੈਸੇਜ ਮਿਲ ਗਿਆ ਹੈ, ਦੁਨੀਆਂ ਹਿੱਲ ਗਈ ਹੈ, ਦੇਸ਼ ਤਬਾਹ ਹੋ ਸਕਦਾ ਸੀ ਪਰ ਐਂਕਰ ਬਚਾਅ ਕੇ ਛੱਡੇਗਾ। ਹਕੂਮਤੀ ਨੁਮਾਇੰਦੇ ਹੁਮਹੁਮਾ ਕੇ ਇਨ੍ਹਾਂ ਬਹਿਸਾਂ ਵਿੱਚ ਪਹੁੰਚ ਰਹੇ ਹਨ। ਸਕਰੀਨ ਉੱਤੇ ਲੋਕਤੰਤਰ ਦੇ ਗਲੇ ’ਤੇ ਅੰਗੂਠਾ ਹੈ।
ਇਹ ਕਿਸਾਨਾਂ-ਮਜ਼ਦੂਰਾਂ ਦੇ ਘੋਲ, ਅਰਥਚਾਰੇ ਬਾਰੇ ਸਾਰਥਕ ਬਹਿਸਾਂ, ਲੋਕਤੰਤਰ ਦੇ ਘਾਣ ਬਾਰੇ ਗੋਸ਼ਠੀ ਖ਼ਿਲਾਫ਼ ਸਾਈਬਰੀ-ਸਕਰੀਨੀ ਐਲਾਨੇ ਜੰਗ ਹੈ। ਇਸੇ ਅਖ਼ਬਾਰ ਦੇ ਸ਼ਨਿਚਰਵਾਰ, 26 ਸਤੰਬਰ ਦਾ ਸੰਪਾਦਕੀ ਪੜ੍ਹੋ: ‘‘ਸਿਆਸੀ ਨੈਤਿਕਤਾ ਇਹ ਮੰਗ ਕਰਦੀ ਹੈ ਕਿ ਟੈਲੀਵਿਜ਼ਨ ਚੈਨਲ ਇੱਕ ਦਿਨ ਤਾਂ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੁਆਰਾ ਕੀਤੇ ਜਾ ਰਹੇ ਅੰਦੋਲਨਾਂ ਵੱਲ ਧਿਆਨ ਦੇਣ।’’ ਇੱਕ ਸਤਰ ਵਿੱਚ ਕੋਈ ਕਿੰਨਾ ਵਿਰਲਾਪ, ਕਿੰਨਾ ਗੁੱਸਾ, ਕਿੰਨੀ ਅਕਲ, ਕਿੰਨੀ ਸ਼ਿੱਦਤ, ਕਿੰਨੇ ਸ਼ਿਕਵੇ ਦਾ ਪ੍ਰਗਟਾਵਾ ਕਰ ਦੇਵੇ? ਕਲਮ ਦਾ ਗੱਚ ਭਰਿਆ ਹੈ, ਭਾਵੇਂ ਡੌਲੇ ਫ਼ਰਕਦੇ ਹਨ।
ਹਾਲ ਦੀ ਘੜੀ ਭਾਵੇਂ ਕਿਸਾਨਾਂ-ਮਜ਼ਦੂਰਾਂ-ਕਾਮਿਆਂ ਨੇ ਸਾਡੇ ਦਿਮਾਗ਼ਾਂ ਅਤੇ ਧਿਆਨ ਉੱਤੇ ਕਬਜ਼ਾ ਕਰਨ ਵਾਲੀ ਇਸ ਮਨਸੂਬਾਬੰਦੀ ਨੂੰ ਹਰਾ ਦਿੱਤਾ ਹੈ ਪਰ ਸੜਕ ਅਤੇ ਸਕਰੀਨ ਉੱਤੇ ਲੜੀ ਜਾਣ ਵਾਲੀ ਇਹ ਦੂਹਰੀ ਜੰਗ ਬੜੇ ਸੰਜਮ, ਸੂਖ਼ਮਤਾ ਅਤੇ ਸੁਘੜ-ਸਿਆਣਪ ਦੀ ਮੰਗ ਕਰਦੀ ਹੈ। ਜੇ ਅਸੀਂ ਆਪਣੇ ਦਿਮਾਗ਼ਾਂ ਉੱਤੇ ਹੋ ਰਹੇ ਫੇਸਬੁੱਕ-ਟਵਿੱਟਰ ਹਮਲਿਆਂ ਤੋਂ ਬੇਖ਼ਬਰ ਅੰਗੂਠੇ ਦੱਬਦੇ, ‘ਤੂੰ ਚੋਰ’, ‘ਉਹ ਉਚੱਕਾ’, ‘ਆਹ ਏਜੰਟ’ ਵਾਲੀਆਂ ਲੜਾਈਆਂ ਹੀ ਲੜਦੇ ਰਹੇ ਤਾਂ ਕਿਸਾਨਾਂ ਦੇ ਘੋਲ ਅਤੇ ਡੋਨਲਡ ਟਰੰਪ ਦੀਆਂ ਸਾਜ਼ਿਸ਼ਾਂ ਵਿਚਲੀਆਂ ਤੰਦਾਂ ਨਹੀਂ ਜੋੜ ਸਕਾਂਗੇ। ਇਹ ਡੋਰੀਆਂ ਸਿੱਧੀਆਂ ਬੱਧੀਆਂ ਹਨ।
ਲੈਸਟਰ ਬਰਾਊਨ (Lester Brown) ਨੂੰ ਕਾਗਜ਼ ’ਤੇ ਹਿਸਾਬ ਕਿਤਾਬ ਕਰਦਾ ਸੀ- ਕਿੰਨਾ ਭੋਜਨ, ਕਿੰਨਾ ਪਾਣੀ, ਕਿੰਨੀ ਊਰਜਾ ਲੋਕਾਈ ਨੂੰ ਲੋੜੀਂਦੀ ਹੋਵੇਗੀ? 60ਵਿਆਂ ਦੇ ਮੱਧ ਵਿੱਚ ਖੇਤੀ ਬਾਰੇ ਅੰਕੜਾਸਾਜ਼ੀ ਬਹੁਤੀ ਪ੍ਰਪੱਕ ਨਹੀਂ ਸੀ ਪਰ ਉਹਨੇ ਅਮਰੀਕੀ ਰਾਸ਼ਟਰਪਤੀ ਲਿੰਡਨ ਜੌਹਨਸਨ ਤੱਕ ਗੱਲ ਪੁਚਾ ਦਿੱਤੀ- ‘‘ਭਾਰਤ ਵਿੱਚ ਆਕਾਲ ਪੈਣ ਵਾਲਾ ਜੇ! ਲੱਖਾਂ ਮਰ ਜਾਣਗੇ। ਸ਼ਾਇਦ ਕਰੋੜਾਂ ਹੀ ਮਰ ਜਾਣ!’’ ਹੋਰ ਕਿਸੇ ਇਹ ਪਰਲੋ ਆਉਂਦੀ ਅਜੇ ਨਹੀਂ ਸੀ ਤੱਕੀ। ਅਮਰੀਕਾ ਵੀਅਤਨਾਮ ਦੀ ਜੰਗ ਵਿੱਚ ਫਸਿਆ ਹੋਇਆ ਸੀ ਪਰ ਲਿੰਡਨ ਜੌਹਨਸਨ, ਟਰੰਪ ਨਹੀਂ ਸੀ। ਲੈਸਟਰ ਬਰਾਊਨ ਆਪਣੇ ਅੰਦਾਜ਼ੇ ’ਤੇ ਅਡਿੱਗ ਰਿਹਾ। ਅੰਤ ਜੌਹਨਸਨ ਨੇ ਕਣਕ ਦੇ ਭਰੇ, ਅੱਧੀ ਧਰਤੀ ਦਾ ਪੈਂਡਾ ਗਾਹੁੰਦੇ 600 ਜਹਾਜ਼ ਭੇਜੇ। ਕਿਸੇ ਵੀ ਦੋ ਦੇਸ਼ਾਂ ਵਿਚਕਾਰ ਇਹ ਦੁਨੀਆਂ ਵਿਚ ਅਨਾਜ ਦੀ ਸਭ ਤੋਂ ਵੱਡੀ ਖੇਪ ਸੀ। ਸੋਕੇ ਕਾਰਨ ਬਾਕਾਇਦਾ ਉਪਜ ਡਿੱਗੀ, ਝਾੜ ਘਟਿਆ। ਮਾਹਿਰ ਇਹ ਸੋਚ ਕੇ ਵੀ ਕੰਬ ਗਏ ਸਨ ਕਿ ਜੇ ਜੌਹਨਸਨ ਦੀ ਥਾਂ ਨਿਕਸਨ ਰਾਸ਼ਟਰਪਤੀ ਹੁੰਦਾ ਤਾਂ ਉਦੋਂ ਦੀ 48 ਕਰੋੜ ਭਾਰਤੀ ਵੱਸੋਂ ’ਚੋਂ ਕਿੰਨੇ ਭੁੱਖਮਰੀ ਦਾ ਸ਼ਿਕਾਰ ਹੁੰਦੇ। ਸੋਚੋ ਕੋਈ ਟਰੰਪ ਕੀ ਕਰਦਾ?ਅਤਿ-ਰਾਸ਼ਟਰਵਾਦ ਨੂੰ ਪ੍ਰਣਾਏ ਸੋਸ਼ਲ ਮੀਡੀਆ ਉੱਤੇ ਕੌਡੀ ਖੇਡਦੇ ਉਹਦੇ ਹਮਾਇਤੀ ਕਿਸੇ ਇਮਦਾਦ ਦੀ ਕਿੰਨੀ ਖੇਪ ਭਾਰਤ ਪਹੁੰਚਣ ਦੇਣਗੇ?
ਜੇ ਮੌਸਮੀ ਤਬਦੀਲੀ ਨੂੰ ਝੂਠ ਦੱਸਣ ਵਾਲਾ ਟਰੰਪ ਧਰਤੀ ਦੀ ਪੰਜ ਸੈਂਟੀਮੀਟਰ ਉਪਰਲੀ ਪਰਤ ਵਿੱਚ ਨਮੀ ਪੜ੍ਹਦੇ ਨਾਸਾ ਦੇ SMAP soil monitor ਵਾਲੇ ਸੈਟੇਲਾਈਟ ਦੇ 2 ਬਿਲੀਅਨ ਡਾਲਰ ਦੇ ਬਜਟ ’ਚ 300 ਮਿਲੀਅਨ ਡਾਲਰ ਦੀ ਵੀ ਕਟੌਤੀ ਕਰ ਦੇਵੇ ਤਾਂ ਸਾਡੀ ਖੇਤੀ ’ਤੇ ਕੀ ਪ੍ਰਭਾਵ ਪਵੇਗਾ? ਖੇਤੀ ਵਿਚ ਮਸਨੂਈ ਬੁੱਧੀ ਅਤੇ ਰੋਬੋਟਿਕਸ ਦੇ ਦਖ਼ਲ ਤੋਂ ਬਾਅਦ ਕੀ ਨਤੀਜੇ ਨਿਕਲਣੇ ਹਨ? ਬਹੁ-ਮੰਜ਼ਿਲਾ ਇਮਾਰਤਾਂ ਵਿੱਚ ਲੱਖਾਂ ਵਰਗਫੁੱਟ ਉੱਤੇ micro-nutrient ਅਧਾਰਤ ਖੇਤੀ ਮਨਸੂਬਿਆਂ ਦੇ ਫ਼ਾਇਦੇ, ਨੁਕਸਾਨ ਬਾਰੇ ਲੋਕ-ਸਮਝ ਦਾ ਵਿਕਾਸ ਕਿਸ ਮੁਹਾਜ਼ ’ਤੇ ਹੋਣਾ ਹੈ? ਜਦੋਂ ਬਿਜਲੀ ਆਈ ਤਾਂ ਸਾਡੇ ਧਾਰਮਕ ਸਥਾਨਾਂ ’ਤੇ ਖ਼ੂਨੀ ਸੰਘਰਸ਼ ਹੋਏ ਕਿ ਝੂਠੀ ਰੋਸ਼ਨੀ ਕਰਨੀ ਹੈ ਕਿ ਖ਼ਾਲਸ ਦੇਸੀ ਘਿਉ ਦੇ ਦੀਵੇ ਬਾਲਣੇ ਹਨ। ਦਰਬਾਰ ਸਾਹਿਬ ਵਿੱਚ ਏ.ਸੀ. ਲੱਗਣ ਉੱਤੇ ਅਸਾਂ ਟਵਿੱਟਰ-ਫੇਸਬੁੱਕ ਯੁੱਗ ਤੋਂ ਪਹਿਲਾਂ ਕੌੜਾ ਵਿਵਾਦ ਵੇਖਿਆ। ਹਕੂਮਤਾਂ ਜਾਣਦੀਆਂ ਹਨ ਕਿ ਲੋਕ-ਮਨ ਬਣਾਇਆ ਜਾਂਦਾ ਹੈ। ਸਾਡੇ ਦਿਮਾਗ਼ਾਂ ਉੱਤੇ ਕਬਜ਼ੇ ਲਈ, ਅਤੇ ਕਿਸਾਨ-ਮਜ਼ਦੂਰ-ਕਾਮਾ ਘੋਲਾਂ ਬਾਰੇ ਲੋਕ-ਸਮਝ ਤਾਮੀਰ ਕਰਨ ਦੀ ਲੜਾਈ ਜਾਰੀ ਹੈ। ਸਾਨੂੰ ਸਕਰੀਨ ਉੱਤੇ, ਸਕਰੀਨ ਨਾਲ, ਅਤੇ ਸਕਰੀਨੀ ਮੁਹਾਜ਼ ਵਿਰੁੱਧ ਸਭਨਾਂ ਲੜਾਈਆਂ ਵਿੱਚ ਲੜਨਾ ਪੈਣਾ ਹੈ। ਇਹ ਅੰਗੂਠੇਬਾਜ਼ੀ ਤੋਂ ਅਗਾਂਹ ਦੀ ਜੰਗ ਹੋਵੇਗੀ।