ਚੰਡੀਗੜ੍ਹ, 5 ਫਰਵਰੀ
ਕਿਸਾਨ ਅੰਦੋਲਨ ਸਬੰਧੀ ਕੀਤੇ ਕਥਿਤ ਗੋਲਮੋਲ ਟਵੀਟ ਨੂੰ ਲੈ ਕੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਸਿੰਘ ਲੋਕਾਂ ਦੇ ਨਿਸ਼ਾਨੇ ’ਤੇ ਆ ਗਿਆ ਅਤੇ ਉਸ ਨੂੰ ਸੋਸ਼ਲ ਮੀਡੀਆ ਉੱਤੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦਕਿ #ਇੰਡੀਆਟੁਗੈਦਰ ਮੁਹਿੰਮ ਤਹਿਤ ਦੇਸ਼ ਦੀਆਂ ਕਈ ਨਾਮੀ ਹਸਤੀਆਂ/ਖਿਡਾਰੀਆਂ ਵੱਲੋਂ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੌਮਾਂਤਰੀ ਗਾਇਕਾ ਰਿਹਾਨਾ ਤੇ ਹੋਰ ਵਿਦੇਸ਼ੀ ਹਸਤੀਆਂ ਵੱਲੋਂ ਭਾਰਤ ’ਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ’ਚ ਟਵੀਟ ਕੀਤੇ ਜਾਣ ਮਗਰੋਂ ਟਵਿੱਟਰ ’ਤੇ #ਇੰਡੀਆਟੁਗੈਦਰ ਅਤੇ #ਇੰਡੀਆਅਗੇਂਸਟਪ੍ਰਾਪੇਗੰਡਾ ਮੁਹਿੰਮ ਸ਼ੁਰੂ ਹੋਈ ਹੈ।
ਯੁਵਰਾਜ ਨੇ ਅੱਜ ਟਵੀਟ ਕੀਤਾ, ‘ਮੈਨੂੰ ਦੇਸ਼ ਦਾ ਨਾਗਰਿਕ ਹੋਣ ’ਤੇ ਮਾਣ ਹੈ, ਆਓ ਇਸ ਸੰਕਟ ਦੀ ਘੜੀ ’ਚ ਇਕੱਠੇ ਖੜ੍ਹੇ ਹੋਈਏ। ਕੋਈ ਵੀ ਸਮੱਸਿਆ ਅਜਿਹੀ ਨਹੀਂ ਜਿਸ ਦਾ ਹੱਲ ਨਹੀਂ ਹੋ ਸਕਦਾ। ਸਾਡਾ ਕਿਸਾਨ ਭਾਈਚਾਰਾ ਦੇਸ਼ ਦਾ ਜੀਵਨਦਾਤਾ ਹੈ ਅਤੇ ਮੈਨੂੰ ਯਕੀਨ ਹੈ ਕਿ ਛੇਤੀ ਹੀ ਮਸਲੇ ਦਾ ਸ਼ਾਂਤੀਪੂਰਨ ਹੱਲ ਨਿਕਲੇਗਾ।’ ਇਸ ਮਗਰੋਂ ਲੋਕਾਂ ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਯੁਵਰਾਜ ਸਿੰਘ ਦੀ ਇਹ ਕਹਿੰਦਿਆਂ ਆਲੋਚਨਾ ਕੀਤੀ ਜਾ ਰਹੀ ਹੈ ਕਿ ਇੱਕ ਪੰਜਾਬੀ ਹੋਣ ਦੇ ਨਾਤੇ ਉਸ ਨੂੰ ਖੁੱਲ੍ਹ ਕੇ ਕਿਸਾਨਾਂ ਦੇ ਹੱਕ ’ਚ ਆਉਣਾ ਚਾਹੀਦਾ ਸੀ, ਜਦਕਿ ਉਹ ਗੋਲਮੋਲ ਗੱਲਾਂ ਕਰ ਰਿਹਾ ਹੈ। ਦੂਜੇ ਪਾਸੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟਵੀਟ ਕੀਤਾ, ‘ਆਓ ਸਾਰੇ ਇਸ ਅਸਹਿਮਤੀ ਦੀ ਘੜੀ ’ਚ ਇਕੱਠੇ ਹੋਈਏ। ਕਿਸਾਨ ਸਾਡੇ ਦੇਸ਼ ਦਾ ਇੱਕ ਅਨਿੱਖੜਵਾਂ ਅੰਗ ਹਨ ਅਤੇ ਮੈਨੂੰ ਯਕੀਨ ਹੈ ਕਿ ਸਾਰੀਆਂ ਧਿਰਾਂ ਸੁਹਿਰਦਤਾ ਨਾਲ ਇਸ ਦਾ ਹੱਲ ਲੱਭਣਗੀਆਂ ਅਤੇ ਇਕੱਠੀਆਂ ਹੋ ਕੇ ਅੱਗੇ ਵਧਣਗੀਆਂ।’
ਇਸੇ ਦੌਰਾਨ #ਇੰਡੀਆਅਗੇਂਸਟਪ੍ਰਾਪੇਗੰਡਾ ਤਹਿਤ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਨੇ ਟਵੀਟ ਕੀਤਾ, ‘ਇੱਕ ਦੇਸ਼ ਵਜੋਂ ਸਾਡੇ ਕੋਲ ਅੱਜ ਵੀ ਮਸਲੇ ਹਨ ਅਤੇ ਭਲਕੇ ਵੀ ਹੋਣਗੇ, ਜਿਨ੍ਹਾਂ ਦਾ ਅਸੀਂ ਹੱਲ ਕੱਢਣਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਵੰਡੀਆਂ ਪਾਈਏ ਜਾਂ ਬਾਹਰੀ ਤਾਕਤਾਂ ਦੀ ਚੁੱਕ ’ਚ ਆਈਏ। ਹਰ ਚੀਜ਼ ਦਾ ਹੱਲ ਦੋਸਤਾਨਾ ਤਰੀਕੇ ਰਾਹੀਂ ਕੱਢਿਆ ਜਾ ਸਕਦਾ ਹੈ।’ ਸਾਬਕਾ ਕ੍ਰਿਕਟਰ ਅਨਿਲ ਕੁੰਬਲੇ ਨੇ ਕਿਹਾ, ‘ਦੁਨੀਆ ਦਾ ਜਮਹੂਰੀ ਦੇਸ਼ ਭਾਰਤ ਆਪਣੇ ਅੰਦਰੂਨੀ ਮਸਲਿਆਂ ਦਾ ਹੱਲ ਕੱਢਣ ਦੇ ਸਮਰੱਥ ਹੈ।’ ਇਸ ਦੌਰਾਨ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਅਤੇ ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵੀ ਕਿਸਾਨ ਅੰਦੋਲਨ ਸਬੰਧੀ ਇੱਕੋ ਜਿਹਾ ਟਵੀਟ ਕਰਨ ਨੂੰ ਲੈ ਕੇ ਨਿਸ਼ਾਨੇ ’ਤੇ ਆ ਗਏ। ਦੋਵਾਂ ਨੇ ਇੱਕੋ ਜਿਹੇ ਸ਼ਬਦਾਂ ’ਚ ਟਵੀਟ ਕੀਤਾ, ‘ਕਿਸਾਨ ਦੇਸ਼ ਦਾ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਦੇ ਮਸਲੇ ਦੇ ਹੱਲ ਲੱਭਣ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ।’