ਪੀੜਤ ਕਿਸਾਨਾਂ ਲਈ ਢੁਕਵਾਂ ਮੁਆਵਜ਼ਾ ਮੰਗਿਆ
ਚੰਡੀਗੜ੍ਹ, 12 ਸਤੰਬਰ
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਅੱਜ ਪੰਜਾਬ ਭਰ ’ਚ ਕਿਸਾਨਾਂ ਨੇ ਹੜ੍ਹਾਂ ਦੀ ਮਾਰ ਤੋਂ ਪ੍ਰਭਾਵਿਤ ਕਿਸਾਨਾਂ ਲਈ ਢੁਕਵੇਂ ਮੁਆਵਜ਼ੇ ਦੀ ਮੰਗ ਕਰਦਿਆਂ ਤਿੰਨ ਰੋਜ਼ਾ ਰੋਸ ਧਰਨੇ ਸ਼ੁਰੂ ਕਰ ਦਿੱਤੇ ਹਨ।
ਕਿਸਾਨ ਆਗੂ ਜਗਮੋਹਨ ਸਿੰਘ ਤੇ ਰਾਮਿੰਦਰ ਸਿੰਘ ਪਟਿਆਲਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਵੱਲੋਂ 11, 12 ਅਤੇ 13 ਦਸੰਬਰ ਨੂੰ ਤਿੰਨ ਦਿਨਾਂ ਲਈ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਆਗੂਆਂ ਦੇ ਘਰਾਂ ਮੂਹਰੇ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਗਿਆ ਸੀ। ਇਸ ਫੈਸਲੇ ਮੁਤਾਬਕ ਅੱਜ ਪਹਿਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਅਤੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਸਥਿਤ ਜੱਦੀ ਰਿਹਾਇਸ਼ ਦੇ ਮੂਹਰੇ ਕਿਸਾਨਾਂ ਨੇ ਧਰਨੇ ਦਿੱਤੇ ਅਤੇ ਰੋਸ ਪ੍ਰਦਰਸ਼ਨ ਕੀਤੇ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੇ ਪੰਜਾਬ ਦੇ ਹੋਰਨਾਂ ਮੰਤਰੀਆਂ ਅਤੇ ਭਾਜਪਾ ਆਗੂਆਂ ਦੇ ਘਰਾਂ ਮੂਹਰੇ ਵੀ ਪ੍ਰਦਰਸ਼ਨ ਕੀਤੇ। ਕਿਸਾਨ ਆਗੂਆਂ ਨੇ ਦੱਸਿਆ ਕਿ ਪਟਿਆਲਾ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਮੁਹਾਲੀ ਵਿੱਚ ਮੰਤਰੀ ਅਨਮੋਲ ਗਗਨ ਮਾਨ, ਮਾਨਸਾ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਦੇ ਘਰ ਅੱਗੇ, ਬਰਨਾਲਾ ਵਿੱਚ ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਮੁਕਤਸਰ ਵਿੱਚ ਗੁਰਮੀਤ ਸਿੰਘ ਖੁੱਡੀਆਂ, ਫਰੀਦਕੋਟ ਵਿੱਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਤਰਨ ਤਾਰਨ ਵਿੱਚ ਲਾਲਜੀਤ ਭੁੱਲਰ, ਬਟਾਲਾ ਵਿੱਚ ਮੰਤਰੀ ਲਾਲ ਚੰਦ ਕਟਾਰੂਚੱਕ, ਫਾਜ਼ਿਲਕਾ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਫਿਰੋਜ਼ਪੁਰ ਵਿੱਚ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ, ਸੁਲਤਾਨਪੁਰ ਲੋਧੀ ਵਿੱਚ ‘ਆਪ’ ਦੇ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਹੁਸ਼ਿਆਰਪੁਰ ਵਿੱਚ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਜਗਰਾਉਂ ’ਚ ਸਰਬਜੀਤ ਕੌਰ ਮਾਣੂਕੇ, ਅੰਮ੍ਰਿਤਸਰ ਵਿੱਚ ਕੁਲਦੀਪ ਧਾਲੀਵਾਲ, ਰੂਪਨਗਰ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ, ਮੋਗਾ ਜ਼ਿਲ੍ਹੇ ਵਿੱਚ ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ ਦੇ ਘਰਾਂ ਦੇ ਮੂਹਰੇ ਅਤੇ ਹੋਰਨਾਂ ਥਾਵਾਂ ’ਤੇ ਪ੍ਰਦਰਸ਼ਨ ਕੀਤੇ ਗਏ।
ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੇ ਜੇਕਰ ਪੰਜਾਬ ਦੇ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਵੱਲੋਂ 13 ਸਤੰਬਰ ਨੂੰ ਸੰਯੁਕਤ ਮੋਰਚਾ ਪੰਜਾਬ ਦੀ ਹੋਣ ਜਾ ਰਹੀ ਮੀਟਿੰਗ ਵਿੱਚ ਅਗਲੇ ਸੰਘਰਸ਼ ਦੀ ਰੂਪਰੇਖਾ ਤੈਅ ਕੀਤੀ ਜਾਵੇਗੀ। ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਕਿ ਕੇਂਦਰ ਤੇ ਪੰਜਾਬ ਸਰਕਾਰ ਸੂਬੇ ਵਿੱਚ ਪਿਛਲੇ ਮਹੀਨਿਆਂ ਦੌਰਾਨ ਆਏ ਹੜ੍ਹਾਂ ਨੂੰ ਫੌਰੀ ਕੌਮੀ ਆਫਤ ਐਲਾਨ ਕੇ ਪੰਜਾਬ ਨੂੰ ਦਸ ਹਜ਼ਾਰ ਕਰੋੜ ਰੁਪਏ ਦਾ ਰਾਹਤ ਪੈਕੇਜ ਦੇਵੇ। ਹੜ੍ਹਾਂ ਦੌਰਾਨ ਮਨੁੱਖੀ ਜਾਨਾਂ ਦੇ ਨੁਕਸਾਨ ਦੇ ਨਾਲ-ਨਾਲ ਫਸਲਾਂ, ਘਰਾਂ, ਪਸ਼ੂਆਂ, ਸਬਜ਼ੀਆਂ ਅਤੇ ਫਲਾਂ ਦੇ ਭਾਰੀ ਨੁਕਸਾਨ ਲਈ ਪੀੜਤਾਂ ਨੂੰ ਤੁਰੰਤ ਢੁਕਵੀਂ ਹੜ੍ਹ ਰਾਹਤ ਰਾਸ਼ੀ ਵੰਡੀ ਜਾਵੇ। ਕਿਸਾਨ ਆਗੂਆਂ ਨੇ ਦੋ ਮਹੀਨੇ ਬੀਤਣ ਦੇ ਬਾਵਜੂਦ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਰਾਸ਼ੀ ਨਾ ਵੰਡਣ ਲਈ ਸਰਕਾਰ ’ਤੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਮੁਆਵਜ਼ਾ ਦੇਣ ਦੇ ਸਾਰੇ ਦਾਅਵੇ ਝੂਠੇ ਸਾਬਿਤ ਹੋਏ ਹਨ ਕਿਉਂਕਿ ਅੱਜ ਤੱਕ ਸੂਬੇ ਵਿੱਚ ਗਿਰਦਾਵਰੀ ਵੀ ਮੁਕੰਮਲ ਨਹੀਂ ਹੋਈ। ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਕਿ ਨੁਕਸਾਨ ਦਾ ਮੁਆਵਜ਼ਾ ਵੱਖ-ਵੱਖ ਸਲੈਬ ਬਣਾ ਕੇ ਦਿੱਤਾ ਜਾਵੇ।
ਧਰਨਿਆਂ ਦੀ ਅਗਵਾਈ ਨਿਰਭੈ ਸਿੰਘ ਢੁੱਡੀਕੇ, ਅਵਤਾਰ ਸਿੰਘ ਮੇਹਲੋਂ, ਬਲਦੇਵ ਸਿੰਘ ਨਿਹਾਲਗੜ੍ਹ, ਬਲਵਿੰਦਰ ਸਿੰਘ ਮੱਲ੍ਹੀਨੰਗਲ, ਮੇਜਰ ਸਿੰਘ ਪੁੰਨਾਵਾਲ, ਫੁਰਮਾਨ ਸਿੰਘ ਸੰਧੂ, ਡਾ. ਦਰਸ਼ਨਪਾਲ, ਮਨਜੀਤ ਸਿੰਘ ਰਾਏ, ਬੂਟਾ ਸਿੰਘ ਬੁਰਜ ਗਿੱਲ, ਜੰਗਵੀਰ ਸਿੰਘ ਚੌਹਾਨ, ਰੁਲਦੂ ਸਿੰਘ ਮਾਨਸਾ, ਮਨਜੀਤ ਸਿੰਘ ਧਨੇਰ, ਵੀਰਪਾਲ ਸਿੰਘ ਢਿੱਲੋਂ ਤੇ ਬੂਟਾ ਸਿੰਘ ਸ਼ਾਦੀਪੁਰ ਆਦਿ ਆਗੂਆਂ ਨੇ ਕੀਤੀ।