ਕੁਰੂਕਸ਼ੇਤਰ, 13 ਜੂਨ
ਸੂਰਜਮੁਖੀ ਦੀ ਫ਼ਸਲ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਖ਼ਰੀਦਣ ਅਤੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਤੇ ਉਨ੍ਹਾਂ ਦੇ ਹੋਰ ਕਿਸਾਨ ਸਾਥੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪਹਿਲਾਂ ਤੋਂ ਐਲਾਨੀ ਗਈ ਕਿਸਾਨ ਮਹਾਪੰਚਾਇਤ ’ਚ ਦਿੱਤੇ ਗਏ ਅਲਟੀਮੇਟਮ ਮਗਰੋਂ ਜਦੋਂ ਦੁਪਹਿਰ ਦੋ ਵਜੇ ਤੱਕ ਵੀ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਿਸਾਨਾਂ ਨੇ ਜੀਟੀ ਰੋਡ ’ਤੇ ਧਰਨਾ ਸ਼ੁਰੂ ਕਰ ਦਿੱਤਾ। ਕਿਸਾਨ ਦੇਰ ਰਾਤ ਤੱਕ ਧਰਨੇ ’ਤੇ ਡਟੇ ਹੋਏ ਸਨ ਪਰ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਹੈ। ਇਸੇ ਦੌਰਾਨ ਕਿਸਾਨ ਆਗੂਆਂ ਤੇ ਸਥਾਨਕ ਪ੍ਰਸ਼ਾਸਨ ਵਿਚਾਲੇ ਮੀਟਿੰਗ ਵੀ ਹੋਈ ਹੈ। ਕਿਸਾਨਾਂ ਨੇ ਜੀਟੀ ਰੋਡ ’ਤੇ ਧਰਨੇ ਵਾਲੀ ਥਾਂ ਤੋਂ ਹੁਣ ਚਿਤਾਵਨੀ ਦਿੰਦਿਆਂ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ‘ਐੱਮਐੱਸਪੀ ਦਿਲਾਓ, ਕਿਸਾਨ ਬਚਾਓ’ ਅੰਦੋਲਨ ਪੂਰੇ ਦੇਸ਼ ’ਚ ਸ਼ੁਰੂ ਕਰ ਦਿੱਤਾ ਜਾਵੇਗਾ।
ਹਾਈਵੇਅ-44 ’ਤੇ ਧਰਨੇ ’ਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਧੜੇ ਦੇ ਪ੍ਰਦੇਸ਼ ਪ੍ਰਧਾਨ ਕਰਮ ਸਿੰਘ ਮਥਾਨਾ, ਕਿਸਾਨ ਆਗੂ ਰਾਕੇਸ਼ ਟਿਕੈਤ, ਸੁਰੇਸ਼ ਕੋਚ, ਅਰਮਜੀਤ ਸਿੰਘ ਮੋਹੜੀ, ਜਗਦੀਪ ਸਿੰਘ, ਅਰਸ਼ਪਾਲ ਸਿੰਘ ਚੜੂਨੀ, ਪਰਮਜੀਤ ਸਿੰਘ ਵਿਰਕ, ਕਲੀਰਾਮ ਮੋਹਨਾ, ਸੁਮਨ ਹੁੱਡਾ ਅਤੇ ਕ੍ਰਿਸ਼ਨ ਕਲਾਲ ਮਾਜਰਾ ਸਮੇਤ ਵੱਡੀ ਗਿਣਤੀ ’ਚ ਪੰਜਾਬ, ਉੱਤਰਾਖੰਡ, ਉੱਤਰ ਪ੍ਰਦੇਸ਼, ਹਿਮਾਚਲ ਆਦਿ ਦੇ ਕਿਸਾਨ ਬੈਠੇ ਹੋਏ ਹਨ। ਇਸ ਤੋਂ ਪਹਿਲਾਂ ਮਹਾਪੰਚਾਇਤ ’ਚ ਕਿਸਾਨ ਆਗੂ ਕਰਮ ਸਿੰਘ ਮਥਾਨਾ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਨੇ ਉਨ੍ਹਾਂ ਦੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਸੀ ਪਰ ਹੁਣ ਉਹ ਆਖ ਰਹੇ ਹਨ ਕਿ ਮੁੱਖ ਮੰਤਰੀ ਕਰਨਾਲ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਨਾਰਾਜ਼ ਹੋ ਕੇ ਮਹਾਪੰਚਾਇਤ ਨੇ ਕੌਮੀ ਰਾਜਮਾਰਗ-44 ਮੰਗਾਂ ਮੰਨੇ ਜਾਣ ਤੱਕ ਠੱਪ ਕਰਨ ਦਾ ਫ਼ੈਸਲਾ ਲਿਆ ਹੈ।