ਲੰਬੀ, 22 ਜੁਲਾਈ 

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਕੇਂਦਰੀ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਖ਼ਿਲਾਫ਼ ਬਾਦਲਾਂ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਖਿਉਵਾਲੀ ਰੋਡ ਨਾਕੇ ’ਤੇ ਕਿਸਾਨਾਂ ਨੂੰ ਰੋਕਣ ਲਈ ਪੁਲੀਸ ਵੱਲੋਂ ਵਰ੍ਹਾਈਆਂ ਡਾਂਗਾਂ ਨਾਲ ਸੰਘਰਸ਼ ਕਮੇਟੀ ਦੇ ਗੁਰੂ ਹਰਸਹਾਇ ਦੇ ਜ਼ੋਨ ਪ੍ਰਧਾਨ ਧਰਮ ਸਿੰਘ ਸਮੇਤ ਕਰੀਬ ਚਾਰ ਕਾਰਕੁਨ ਜ਼ਖ਼ਮੀ ਹੋ ਗਏ। ਬਾਕੀ ਨਾਕਿਆਂ ’ਤੇ ਕਿਸਾਨ ਸਾਰੀਆਂ ਰੋਕਾਂ ਤੋੜ ਕੇ ਬਾਦਲਾਂ ਦੀ ਰਿਹਾਇਸ਼ ਅੱਗੇ ਪਹੁੰਚਣ ’ਚ ਕਾਮਯਾਬ ਹੋਏ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਪਿੱਦੀ ਨੇ ਕਿਹਾ ਕਿ ਖੇਤੀ ਤੇ ਬਿਜਲੀ ਰਾਜਾਂ ਦੀ ਸਮਵਰਤੀ ਸੂਚੀ ’ਚ ਹੋਣ ਕਰਕੇ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੇ ਅਧਿਕਾਰਾਂ ’ਤੇ ਵੀ ਡਾਕਾ ਮਾਰਿਆ ਜਾ ਰਿਹਾ ਹੈ। ਉਕਤ ਤਿੰਨਾਂ ਆਰਡੀਨੈਂਸਾਂ ਨਾਲ ਪੰਜਾਬ ਦੀ ਪੰਜ ਏਕੜ ਤੋਂ ਘੱਟ ਵਾਲੀ ਕਿਸਾਨੀ ਜੋ ਕਿ 85 ਫੀਸਦ ਬਣਦੀ ਹੈ, ਖੇਤੀ ਕਿੱਤੇ ਵਿਚੋਂ ਬਾਹਰ ਹੋ ਜਾਵੇਗੀ ਅਤੇ 500 ਤੋਂ 1000 ਏਕੜ ਤੱਕ ਦੇ ਵੱਡੇ ਖੇਤੀ ਫਾਰਮ ਕਾਰਪੋਰੇਟ ਕੰਪਨੀਆਂ ਦੇ ਕਬਜ਼ੇ ਹੇਠ ਬਣਨਗੇ। ਕਰੋਨਾ ਮਹਾਮਾਰੀ ’ਚ ਸਮਾਜਿਕ ਦੂਰੀ ਦੇ ਮਸਲੇ ’ਤੇ ਸ੍ਰੀ ਪਿੱਦੀ ਨੇ ਕਿਹਾ ਕਿ ਇਹ ਬਿਮਾਰੀ ਕਿਸੇ ਮਿਹਨਤਕਸ਼ ਨੂੰ ਨਹੀਂ ਹੁੰਦੀ। ਇਹ ਵਿਹਲੜਾਂ, ਅਫਸਰਾਂ ਤੇ ਮੰਤਰੀ-ਵਿਧਾਇਕਾਂ ਨੂੰ ਹੋਣ ਵਾਲੀ ਬਿਮਾਰੀ ਹੈ। ਕੇਂਦਰ ਸਰਕਾਰ ਨੇ ਮਹਾਮਾਰੀ ਦਾ ਖੌਫ਼ ਵਿਖਾ ਕੇ ਆਮ ਜਨਤਾ ’ਤੇ ਖੇਤੀ ਸੁਧਾਰ ਅਤੇ ਬਿਜਲੀ ਸੋਧ ਬਿੱਲ ਦਾ ਫਾਹਾ ਲੋਕਾਂ ਦੇ ਗਲੇ ’ਚ ਪਾ ਦਿੱਤਾ ਹੈ। ਪਿੱਦੀ ਨੇ ਬਾਦਲਾਂ ਨੂੰ ਪ੍ਰਧਾਨ ਮੰਤਰੀ ਨਾਲ ਗੱਲ ਕਰਕੇ ਆਰਡੀਨੈਂਸ ਵਾਪਸ ਕਰਵਾਉਣ ਦੀ ਅਪੀਲ ਕੀਤੀ। ਬਾਦਲ ਪਰਿਵਾਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਰੋਜ਼ੀ ਬਰਕੰਦੀ, ਪੰਚਾਇਤ ਸਮਿਤੀ ਲੰਬੀ ਦੇ ਸਾਬਕਾ ਚੇਅਰਮੈਨ ਗੁਰਬਖਸ਼ੀਸ਼ ਸਿੰਘ ਮਿੱਡੂਖੇੜਾ, ਪਰਮਿੰਦਰ ਸਿੰਘ ਕੋਲਿਆਂਵਾਲੀ ਅਤੇ ਸੰਨੀ ਢਿੱਲੋਂ ਮੌਕੇ ’ਤੇ ਪਹੁੰਚੇ। ਇਸ ਦੌਰਾਨ ਖਿਉਵਾਲੀ ਨਾਕੇ ’ਤੇ ਪੁਲੀਸ ਨਾਲ ਹੋਏ ਟਕਰਾਅ ਦਰਮਿਆਨ ਕਿਸਾਨ ਆਗੂ ਧਰਮ ਸਿੰਘ ਤੇ ਏਐੱਸਆਈ ਤੇਜਾ ਸਿੰਘ ਅਤੇ ਹੋਮਗਾਰਡ ਮੁਲਾਜ਼ਮ ਬਲਦੇਵ ਸਿੰਘ ਵੀ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਸੀਐੱਚਸੀ ਲੰਬੀ ਦਾਖ਼ਲ ਕਰਵਾਇਆ ਗਿਆ ਹੈ। ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੇ ਕਿਹਾ ਕਿ ਮਹਾਮਾਰੀ ਐਕਟ ਅਤੇ ਧਾਰਾ 144 ਦੀ ਉਲੰਘਣਾ ਕਰਨ ਵਾਲੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਅਤੇ ਸੂਬਾ ਮੀਤ ਪ੍ਰਧਾਨ ਦੇ ਗਰੁੱਪਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਕਰੋਨਾ ਦਾ ਖ਼ੌਫ਼ ਫੈਲਾਇਆ ਜਾ ਰਿਹਾ ਹੈ: ਪੰਨੂ

ਸੂਬਾ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਕਰੋਨਾ ਮਹਾਮਾਰੀ ਨਰਿੰਦਰ ਮੋਦੀ ਤੇ ਅਮਰਿੰਦਰ ਸਿੰਘ ਨੂੰ ਕਿਉਂ ਨੀਂ ਕੁਝ ਆਖਦੀ। ਪ੍ਰਧਾਨ ਮੰਤਰੀ ਦੇਸ਼ ਦੀਆਂ ਸਰਕਾਰੀ ਕੰਪਨੀਆਂ ਵੇਚ ਰਹੇ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਤਹਿਸੀਲਾਂ ’ਚ ਫੀਸਾਂ ਵਧਾ ਦਿੱਤੀਆਂ, ਰਾਜਪੁਰਾ ’ਚ ਸੈਂਕੜੇ ਏਕੜ ਪੰਚਾਇਤੀ ਜ਼ਮੀਨ ਵੇਚ ਦਿੱਤੀ ਤੇ ਮੰਡੀਆਂ ਬਾਰੇ 2017 ’ਚ ਐਕਟ ਪਾਸ ਕਰ ਦਿੱਤਾ ਹੈ। ਕਰੋਨਾ ਕੋਈ ਮਸਲਾ ਨਹੀਂ ਹੈ। ਇਹ ਖੌਫ਼ ਹੈ ਜਿਸ ਰਾਹੀਂ ਜਨਤਾ ਨੂੰ ਡਰਾਇਆ ਜਾ ਰਿਹਾ ਹੈ।