ਚੰਡੀਗੜ੍ਹ, 1 ਸਤੰਬਰ

ਹਰਿਆਣਾ ਸਰਕਾਰ ਨੇ ਕਰਨਾਲ ਦੇ ਐੱਸਡੀਐੱਮ ਆਯੂਸ਼ ਸਿਨਹਾ ਦਾ ਤਬਾਦਲਾ ਚੰਡੀਗੜ੍ਹ ਕਰ ਦਿੱਤਾ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਕਰਨਾਲ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਿਰ ਪਾੜ ਦੇਣ ਦੀ ਹਦਾਇਤ ਕੀਤੀ ਸੀ ਤੇ ਇਹ ਵੀਡੀਓ ਵਾਇਰਲ ਹੋ ਗਈ ਸੀ। 2018 ਬੈਚ ਦੇ ਇਸ ਆਈਏਐੱਸ ਅਧਿਕਾਰੀ ਦੀ ਪੋਸਟਿੰਗ ਹੁਣ ਐਡੀਸ਼ਨਲ ਸਕੱਤਰ ਵਜੋਂ ਹਰਿਆਣਾ ਸਿਟੀਜ਼ਨ ਰਿਸੋਰਸ ਇਨਫਰਮੇਸ਼ਨ ਵਿਭਾਗ, ਚੰਡੀਗੜ੍ਹ ਵਿੱਚ ਹੋਈ ਹੈ। ਇਸ ਅਧਿਕਾਰੀ ਦੇ ਬਿਆਨ ਦੀ ਕਿਸਾਨ ਜਥੇਬੰਦੀਆਂ ਤੇ ਸਿਆਸੀ ਆਗੂਆਂ ਨੇ ਘੋਰ ਨਿੰਦਾ ਕੀਤੀ ਸੀ। ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਇਸ ਅਧਿਕਾਰੀ ਦੇ ਬਿਆਨ ਨੂੰ ਗਲਤ ਦੱਸਿਆ ਸੀ ਪਰ ਉਨ੍ਹਾਂ ਨੇ ਪੁਲੀਸ ਵੱਲੋਂ ਕਿਸਾਨਾਂ ਖ਼ਿਲਾਫ਼ ਕੀਤੀ ਕਾਰਵਾਈ ਨੂੰ ਜਾਇਜ਼ ਠਹਿਰਾਇਆ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਐੱਸਡੀਐੱਮ ਅਯੂਸ਼ ਸਿਨਹਾ ਦੇ ਬਿਆਨ ਦੀ ਆਲੋਚਨਾ ਕੀਤੀ ਸੀ। ਐੱਨਸੀਪੀ ਆਗੂ ਸ਼ਰਦ ਪਵਾਰ ਨੇ ਕਰਨਾਲ ਵਿੱਚ ਪੁਲੀਸ ਵੱਲੋਂ ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਨੂੰ ਗੈਰਵਾਜ਼ਿਬ ਦੱਸਿਆ ਹੈ।